ਨਫੇ ਸਿੰਘ ਰਾਠੀ ਦੇ ਕਤਲ ਮਗਰੋਂ ਹੁਣ ਪਰਿਵਾਰ ਨੂੰ ਵੀ ਮਿਲੀ ਧਮਕੀ, ਹਥਿਆਰ ਦੀ ਫੋਟੋ ਭੇਜ ਕੇ ਦਿੱਤੀ ਚਿਤਾਵਨੀ
Friday, Mar 01, 2024 - 05:48 AM (IST)
ਚੰਡੀਗੜ੍ਹ (ਭਾਸ਼ਾ): ਹਰਿਆਣਾ 'ਚ ਇਕ ਹਮਲੇ ਵਿਚ ਮਾਰੇ ਗਏ ਇੰਡੀਅਨ ਨੈਸ਼ਨਲ ਲੋਕਦਲ ਆਗੂ ਨਫੇ ਸਿੰਘ ਰਾਠੀ ਦੇ 2 ਪੁੱਤਰਾਂ ਨੂੰ ਕਥਿਤ ਤੌਰ 'ਤੇ ਵੀਰਵਾਰ ਨੂੰ ਇਕ ਅਣਪਛਾਤੇ ਨੰਬਰ ਤੋਂ ਧਮਕੀ ਭਰੀ ਫ਼ੋਨ ਕਾਲ ਆਈ, ਜਿਸ ਵਿਚ ਉਨ੍ਹਾਂ ਨੂੰ ਕਤਲ ਬਾਰੇ ਮੀਡੀਆ ਨਾਲ ਗੱਲ ਨਾ ਕਰਨ ਨੂੰ ਕਿਹਾ ਗਿਆ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੀ ਹਰਿਆਣਾ ਇਕਾਈ ਦੇ ਪ੍ਰਧਾਨ ਰਾਠੀ ਤੇ ਪਾਰਟੀ ਵਰਕਰ ਜੈਕਿਸ਼ਨ ਦੀ ਐਤਵਾਰ ਨੂੰ ਝੱਜਰ ਦੇ ਬਹਾਦੁਰਗੜ੍ਹ ਵਿਚ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਵਾਹਨ 'ਤੇ ਅੰਨ੍ਹੇਵਾਹ ਗੋਲ਼ੀਬਾਰੀ ਕਰ ਕੇ ਹੱਤਿਆ ਕਰ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਦਿੱਲੀ ਏਅਰਪੋਰਟ ਜਾਣ ਵਾਲੇ ਪੰਜਾਬੀਆਂ ਲਈ ਰਾਹਤ ਭਰੀ ਖ਼ਬਰ, ਵੋਲਵੋ ਬੱਸਾਂ ਦੀ ਆਵਾਜਾਈ ਹੋਈ ਸ਼ੁਰੂ, ਪੜ੍ਹੋ ਵੇਰਵਾ
ਨਫੇ ਸਿੰਘ ਦੇ ਭਤੀਜੇ ਕਪੂਰ ਸਿੰਘ ਰਾਠੀ ਨੇ ਕਿਹਾ ਕਿ ਉਨ੍ਹਾਂ ਦੇ ਚਾਚੇ ਦੇ ਵੱਡੇ ਮੁੰਡੇ ਭੂਪਿੰਦਰ ਤੇ ਛੋਟੇ ਮੁੰਡੇ ਜਤਿੰਦਰ ਨੂੰ ਅਣਪਛਾਤੇ ਨੰਬਰ ਤੋਂ 18 ਧਮਕੀ ਭਰੇ ਫੋਨ ਆਏ ਹਨ। ਉਨ੍ਹਾਂ ਨੇ ਬਹਾਦੁਰਗੜ੍ਹ ਤੋਂ ਫ਼ੋਨ ਕਰ ਕੇ ਕਿਹਾ, "ਫ਼ੋਨ ਕਰਨ ਵਾਲੇ ਨੇ ਸਾਨੂੰ ਇਕ ਹਥਿਆਰ ਦੀ ਤਸਵੀਰ ਵੀ ਭੇਜੀ, ਜਿਸ ਵਿਚ ਉਸ ਨੇ ਦਾਅਵਾ ਕੀਤਾ ਕਿ ਜੇਕਰ ਅਸੀਂ ਮੀਡੀਆ ਨਾਲ ਗੱਲ ਕਰਨੀ ਬੰਦ ਨਹੀਂ ਕੀਤੀ ਤਾਂ ਉਹ ਪਰਿਵਾਰ ਨੂੰ ਖ਼ਤਮ ਕਰਨ ਲਈ ਇਸ ਦੀ ਵਰਤੋਂ ਕਰੇਗਾ।" ਕਪੂਰ ਸਿੰਘ ਰਾਠੀ ਨੇ ਕਿਹਾ ਕਿ ਭੂਪਿੰਦਰ ਦੀ ਪਤਨੀ ਕੌਂਸਲਰ ਹੈ ਤੇ ਜਤਿੰਦਰ ਵੀ ਬਹਾਦੁਰਗੜ੍ਹ ਵਿਚ ਕੌਂਸਲਰ ਹੈ।
ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ 'ਤੇ ਤਸ਼ੱਦਦ ਨੂੰ ਲੈ ਕੇ ਹਾਈ ਕੋਰਟ ਨੇ ਹਰਿਆਣਾ ਨੂੰ ਪਾਈ ਝਾੜ, ਕਿਸਾਨਾਂ ਤੋਂ ਵੀ ਮੰਗਿਆ ਜਵਾਬ
ਇਸ ਤੋਂ ਪਹਿਲਾਂ, ਹਰਿਆਣਾ ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਉਹ ਕਥਿਤ ਤੌਰ 'ਤੇ ਬ੍ਰਿਟੇਨ ਵਿਚ ਰਹਿ ਰਹੇ ਗੈਂਗਸਟਰ ਕਪਿਲ ਸਾਂਗਵਾਨ ਦੇ ਉਸ ਸੋਸ਼ਲ ਮੀਡੀਆ ਪੋਸਟ ਦੀ ਜਾਂਚ ਕਰ ਰਹੀ ਹੈ, ਜਿਸ ਵਿਚ ਨਫ਼ੇ ਸਿੰਘ ਰਾਠੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਹੱਤਿਆ ਦੇ ਮਾਮਲੇ ਵਿਚ ਹੁਣ ਤਕ 15 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਕਪੂਰ ਸਿੰਘ ਰਾਠੀ ਤੋਂ ਜਦੋਂ ਸਾਂਗਵਾਦੇ ਕਥਿਤ ਸੋਸ਼ਲ ਮੀਡੀਆ ਪੋਸਟ 'ਤੇ ਟਿੱਪਣੀ ਮੰਗੀ ਗਈ ਤਾਂ ਉਨ੍ਹਾਂ ਨੇ ਦੋਹਾਂ ਕਤਲਾਂ ਪਿੱਛੇ ਕਿਸੇ ਵੀ ਗਿਰੋਹ ਦੇ ਮੁਕਾਬਲੇ ਦੇ ਪਹਿਲੂ ਨੂੰ ਖ਼ਾਰਿਜ ਕਰ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8