ਮੁਜ਼ੱਫਰਨਗਰ ਮਹਾਪੰਚਾਇਤ : ਗੁਰੂ ਘਰਾਂ ’ਚ ਕਿਸਾਨਾਂ ਲਈ ਕੀਤਾ ਗਿਆ ਲੰਗਰ ਦਾ ਪ੍ਰਬੰਧ
Sunday, Sep 05, 2021 - 11:56 AM (IST)
ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਅੱਜ ਯਾਨੀ ਐਤਵਾਰ ਨੂੰ ਕਿਸਾਨਾਂ ਵਲੋਂ ਮਹਾਪੰਚਾਇਤ ਸੱਦੀ ਗਈ ਹੈ। ਇਸ ਮਹਾਪੰਚਾਇਤ ’ਚ 15 ਸੂਬਿਆਂ ਦੇ ਕਿਸਾਨ ਵੱਡੀ ਗਿਣਤੀ ’ਚ ਸ਼ਮੂਲੀਅਤ ਕਰ ਰਹੇ ਹਨ। ਇਹ ਕਿਸਾਨ ਮਹਾਪੰਚਾਇਤ ਜੀ.ਆਈ.ਸੀ. ਗਰਾਊਂਡ ’ਚ ਹੋ ਰਹੀ ਹੈ, ਜਿਸ ’ਤੇ ਕਈ ਵੱਡੇ ਕਿਸਾਨ ਆਗੂ ਵੀ ਸ਼ਾਮਲ ਹੋਏ ਹਨ। ਇੱਥੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਗੁਰਦੁਆਰਿਆਂ ’ਚ ਮਸ਼ੀਨਾਂ ਨਾਲ ਲੰਗਰ ਪਕਾਇਆ ਜਾ ਰਿਹਾ ਹੈ। ਮਸ਼ੀਨਾਂ ’ਤੇ ਪਰਸ਼ਾਦੇ ਤਿਆਰ ਕੀਤੇ ਜਾ ਰਹੇ ਹਨ। ਇਹ ਪ੍ਰਬੰਧ ਪੰਜਾਬੀ ਸਿੱਖ ਭਾਈਚਾਰੇ ਵਲੋਂ ਕੀਤੇ ਜਾ ਰਹੇ ਹਨ। ਲੰਗਰ ਦੇ ਨਾਲ-ਨਾਲ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਤੱਕ ਮੁਜ਼ੱਫਰਨਗਰ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ : ਮੁਜ਼ੱਫਰਨਗਰ ’ਚ ਕਿਸਾਨਾਂ ਦਾ ਆਇਆ ਹੜ੍ਹ, ਹੁਣ ਤਕ ਦੀ ਸਭ ਤੋਂ ਵੱਡੀ ‘ਕਿਸਾਨ ਮਹਾਪੰਚਾਇਤ’
ਦੱਸਣਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ 10 ਮਹੀਨਿਆਂ ਤੋਂ ਡਟੇ ਕਿਸਾਨ ਮੁਜ਼ੱਫਰਨਗਰ ’ਚ ਮਹਾਪੰਚਾਇਤ ਵਿਚ ਪਹੁੰਚੇ ਹਨ। ਕਿਸਾਨਾਂ ਦੇ ਵੱਡੇ ਕਾਫ਼ਲੇ ਬੀਤੀ ਰਾਤ ਤੋਂ ਹੀ ਇੱਥੇ ਪਹੁੰਚ ਗਏ। ਇਸ ਮਹਾਪੰਚਾਇਤ ’ਚ ਕਿਸਾਨ ਬੀਬੀਆਂ ਨੇ ਹਿੱਸਾ ਲਿਆ ਹੈ। ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੋਇਆ ਹੈ ਕਿ ਮੁਜ਼ੱਫਰਨਗਰ ਵਿਚ 5 ਸਤੰਬਰ ਨੂੰ ਹੋਣ ਵਾਲੀ ਕਿਸਾਨ ਮਹਾਪੰਚਾਇਤ, ‘ਮਿਸ਼ਨ ਉੱਤਰ ਪ੍ਰਦੇਸ਼-ਉੱਤਰਾਖੰਡ’ ਦੀ ਸ਼ੁਰੂਆਤ ਕਰੇਗੀ। ਇਨ੍ਹਾਂ ਸੂਬਿਆਂ ਵਿਚ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿੱਲ 2020 ਵਾਪਸ ਲੈਣ ਤੇ ਸਾਰੇ ਖੇਤੀ ਉਤਪਾਦਾਂ ਦੀ ਵਿਆਪਕ ਲਾਗਤ ਦੇ ਡੇਢ ਗੁਣਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੀ ਮੰਗ ਪੂਰੀ ਕਰਨ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕਿਸਾਨ ਮਹਾਪੰਚਾਇਤ ਨੂੰ ਲੈ ਕੇ ਸੁਰੱਖਿਆ ਸਖ਼ਤ, ਰਾਕੇਸ਼ ਟਿਕੈਤ ਬੋਲੇ- ਇਤਿਹਾਸਕ ਹੋਵੇਗੀ ‘ਮਹਾਪੰਚਾਇਤ’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ