ਮੁੰਨਾ ਬਜਰੰਗੀ ਦੀ ਪਤਨੀ ਨੇ ਯੋਗੀ ਕੋਲ ਲਗਾਈ ਗੁਹਾਰ
Friday, Jun 29, 2018 - 04:01 PM (IST)
ਲਖਨਊ— ਝਾਂਸੀ ਜੇਲ 'ਚ ਬੰਦ ਸ਼ਾਰਪ ਸ਼ੂਟਰ ਬਜਰੰਗੀ ਦੀ ਪਤਨੀ ਸੀਮਾ ਸਿੰਘ ਨੇ ਪਤੀ ਦਾ ਐਨਕਾਊਂਟਰ ਕੀਤੇ ਜਾਣ ਦਾ ਸ਼ੱਕ ਜਤਾਉਂਦੇ ਹੋਏ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕੋਲੋ ਸੁਰੱਖਿਆ ਦੀ ਗੁਹਾਰ ਲਗਾਈ ਹੈ। ਇਸ ਸੰਬੰਧ 'ਚ ਸੀਮਾ ਸਿੰਘ ਨੇ ਸ਼ੁੱਕਰਵਾਰ ਨੂੰ ਲਖਨਊ ਦੇ ਪ੍ਰੈੱਸ ਕਲੱਬ 'ਚ ਪ੍ਰੈੱਸ ਕਾਨਫਰੰਸ ਕੀਤੀ। ਪ੍ਰੇਮ ਪ੍ਰਕਾਸ਼ ਸਿੰਘ ਊਰਫ ਮੁੰਨਾ ਬਜਰੰਗੀ ਦੀ ਪਤਨੀ ਸੀਮਾ ਸਿੰਘ ਨੇ ਕਿਹਾ ਕਿ ਮੇਰੇ ਪਤੀ ਦੀ ਜਾਨ ਨੂੰ ਖਤਰਾ ਹੈ। ਯੂ. ਪੀ. ਐੱਸ. ਟੀ. ਐੱਫ. ਅਤੇ ਪੁਲਸ ਮੇਰੇ ਪਤੀ ਦਾ ਐਨਕਾਊਂਟਰ ਕਰਨ ਦੀ ਕੋਸ਼ਿਸ਼ 'ਚ ਹਨ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਝਾਂਸੀ ਜੇਲ 'ਚ ਮੁੰਨਾ ਬਜਰੰਗੀ ਦੇ ਉੱਪਰ ਹਮਲਾ ਕੀਤਾ ਗਿਆ, ਕੁਝ ਪ੍ਰਭਾਵਸ਼ਾਲੀ ਨੇਤਾ ਅਤੇ ਅਫਸਰ ਮੁੰਨਾ ਦੇ ਕਤਲ ਕਰਨ ਦੀ ਸਾਜ਼ਿਸ਼ ਰਚ ਰਹੇ ਹਨ, ਇੱਥੋਂ ਤੱਕ ਕਿ ਜੇਲ 'ਚ ਹੀ ਮੇਰੇ ਪਤੀ ਦੇ ਭੋਜਨ 'ਚ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ। ਸੀ. ਸੀ. ਟੀ. ਵੀ. ਫੁਟੇਜ 'ਚ ਵੀ ਇਸ ਦੀ ਰਿਕਾਰਡਿੰਗ ਹੈ, ਜਿਸ 'ਚ ਇਕ ਐੱਸ. ਟੀ. ਐੱਮ. ਦੇ ਅਧਿਕਾਰੀ ਜੇਲ 'ਚ ਹੀ ਮੁੰਨਾ ਬਜਰੰਗੀ ਨੂੰ ਮਾਰਨ ਦੀ ਗੱਲ ਕਹਿ ਰਹੇ ਹਨ। ਇਸ ਦੀ ਸ਼ਿਕਾਇਤ ਕਈ ਅਫਸਰਾਂ ਅਤੇ ਅਦਾਲਤ ਤੋਂ ਕੀਤੀ ਪਰ ਕਿਤੇ ਵੀ ਸੁਰੱਖਿਆ ਨਹੀਂ ਮਿਲੀ।
ਸੀਮਾ ਸਿੰਘ ਨੇ ਕਿਹਾ ਕਿ ਸਿਰਫ ਪਤੀ ਹੀ ਨਹੀਂ ਮੇਰੇ ਪੂਰੇ ਪਰਿਵਾਰ 'ਤੇ ਜਾਨ ਦਾ ਖਤਰਾ ਹੈ। ਮੇਰੇ ਭਰਾ ਦਾ ਕਤਲ 2016 'ਚ ਕੀਤਾ ਗਿਆ ਪਰ ਪੁਲਸ ਨੇ ਇਸ ਮਾਮਲੇ 'ਚ ਕੇਸ ਬੰਦ ਕਰ ਦਿੱਤਾ। ਇਸ ਤੋਂ ਬਾਅਦ ਸਾਡੇ ਸ਼ੁੱਭਚਿੰਤਕ ਤਾਰੀਕ ਮੁਹੰਮਦ ਦਾ ਵੀ ਕਤਲ ਕਰ ਦਿੱਤਾ ਗਿਆ ਅਤੇ ਪੁਲਸ ਖਾਲੀ ਹੱਥ ਬੈਠੀ ਰਹੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਸ ਜਾਂਚ ਕਰਨ ਦੀ ਬਜਾਏ ਪਰਵਾਰ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ।
