19 ਜੂਨ ਨੂੰ ਪੈਣਗੀਆਂ ਹਰਿਆਣਾ ਨਗਰ ਬਾਡੀਜ਼ ਦੀਆਂ ਚੋਣਾਂ, ਜਾਣੋ ਕਦੋਂ ਆਉਣਗੇ ਨਤੀਜੇ
Monday, May 23, 2022 - 05:23 PM (IST)
ਹਰਿਆਣਾ (ਭਾਸ਼ਾ)- ਹਰਿਆਣਾ ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਸੋਮਵਾਰ ਨੂੰ ਸੂਬੇ 'ਚ 46 ਨਗਰ ਬਾਡੀਜ਼ ਦੀਆਂ ਚੋਣਾਂ 19 ਜੂਨ ਨੂੰ ਕਰਵਾਈਆਂ ਜਾਣ ਦਾ ਐਲਾਨ ਕੀਤਾ। ਧਨਪਤ ਸਿੰਘ ਨੇ ਕਿਹਾ ਕਿ ਵੋਟਾਂ ਦੀ ਗਿਣਤੀ 22 ਜੂਨ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ 30 ਮਈ ਨੂੰ ਸ਼ੁਰੂ ਹੋਵੇਗੀ ਅਤੇ ਇਸ ਲਈ ਆਖ਼ਰੀ ਤਾਰੀਖ਼ 4 ਜੂਨ ਨੂੰ ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਜਾਂਚ 6 ਜੂਨ ਨੂੰ ਕੀਤੀ ਜਾਵੇਗੀ, ਜਦੋਂ ਕਿ ਨਾਮ ਵਾਪਸ ਲੈਣ ਦੀ ਆਖ਼ਰੀ ਤਾਰੀਖ਼ 7 ਜੂਨ ਹੈ।
ਧਨਪਤ ਸਿੰਘ ਨੇ ਕਿਹਾ ਕਿ 19 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਇਕ ਅਧਿਕਾਰਤ ਬਿਆਨ ਅਨੁਸਾਰ, ਰਾਜ ਚੋਣ ਕਮਿਸ਼ਨਰ ਨੇ ਕਿਹਾ ਕਿ 46 ਨਗਰ ਬਾਡੀਜ਼- 28 ਨਗਰ ਕਮੇਟੀਆਂ ਅਤੇ 18 ਨਗਰ ਪ੍ਰੀਸ਼ਦਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਰਾਜ ਚੋਣ ਕਮਿਸ਼ਨਰ ਨੂੰ ਭਰੋਸਾ ਦਿੱਤਾ ਹੈ ਕਿ ਪ੍ਰਸ਼ਾਸਨ ਪਾਰਦਰਸ਼ੀ, ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਪੂਰੀ ਮਦਦ ਕਰੇਗਾ।