MSP ਸੀ, ਹੈ ਤੇ ਰਹੇਗਾ, ਕਿਸਾਨਾਂ ਨਾਲ ਹਰ ਮੁੱਦੇ 'ਤੇ ਗੱਲ ਕਰਨ ਨੂੰ ਤਿਆਰ : ਤੋਮਰ
Monday, Sep 21, 2020 - 08:12 AM (IST)
ਨਵੀਂ ਦਿੱਲੀ : ਐਤਵਾਰ ਨੂੰ ਰਾਜ ਸਭਾ ਵਿਚ ਦੋ ਖੇਤੀਬਾੜੀ ਬਿੱਲ ਪਾਸ ਹੋ ਗਏ। ਇਹ ਬਿੱਲ ਲੋਕ ਸਭਾ ਵਿਚ ਪਹਿਲਾਂ ਹੀ ਪਾਸ ਹੋ ਚੁੱਕੇ ਹਨ। ਹੁਣ ਰਾਸ਼ਟਰਪਤੀ ਦੇ ਦਸਤਖਤ ਹੋਣ ਤੋਂ ਬਾਅਦ ਇਹ ਕਾਨੂੰਨ ਦਾ ਰੂਪ ਲੈਣਗੇ ਪਰ ਇਸ ਦੇ ਨਾਲ ਹੀ ਸੰਸਦ ਤੋਂ ਲੈ ਕੇ ਸੜਕਾਂ ਤੱਕ ਇਨ੍ਹਾਂ ਬਿੱਲਾਂ ‘ਤੇ ਵਿਰੋਧ ਦੀਆਂ ਆਵਾਜ਼ਾਂ ਆ ਰਹੀਆਂ ਹਨ।
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਬਿੱਲ 'ਤੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ।
ਖੇਤੀਬਾੜੀ ਮੰਤਰੀ ਨੇ ਕਿਹਾ, "ਮੈਂ ਸਾਰੇ ਦੇਸ਼ ਦੇ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਸੀ, ਹੈ ਅਤੇ ਰਹੇਗਾ। ਅਕਤੂਬਰ ਵਿਚ ਨਵੀਂ ਫਸਲ ਆਵੇਗੀ। ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਇਸ ਨੂੰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ।"
ਉਨ੍ਹਾਂ ਕਿਹਾ ਕਿ ਇਹ ਬਿੱਲ ਵਿਚੋਲਿਆਂ ਨੂੰ ਨਹੀਂ ਖ਼ਤਮ ਕਰੇਗਾ, ਵਿਚੋਲਿਆਂ ਦੇ ਸ਼ੋਸ਼ਣ ਨੂੰ ਖ਼ਤਮ ਕਰੇਗਾ। ਇਸ ਬਿੱਲ ਦੇ ਮਾਧਿਅਮ ਨਾਲ ਜਿੱਥੇ ਇਕ ਪਾਸੇ ਕਿਸਾਨ ਪੂਰੇ ਦੇਸ਼ ਵਿਚ ਆਪਣੇ ਮਾਲ ਨੂੰ ਵੇਚਣ ਲਈ ਸੁਤੰਤਰ ਹੈ, ਉਸੇ ਤਰ੍ਹਾਂ ਵਪਾਰੀ ਵੀ ਮੰਡੀ ਤੋਂ ਬਾਹਰ ਪੂਰੇ ਦੇਸ਼ ਵਿਚ ਮਾਲ ਖਰੀਦਣ ਲਈ ਸੁਤੰਤਰ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹੁਣ ਕਿਸਾਨ ਨੂੰ ਵਪਾਰੀ ਸਾਹਮਣੇ ਗਿੜਗਿੜਾਉਣ ਦੀ ਜ਼ਰੂਰਤ ਨਹੀਂ ਪਵੇਗੀ, ਵਪਾਰੀ ਖ਼ੁਦ ਪੁੱਛੇਗਾ ਕਿ ਕਿਸਾਨ ਭਰਾ ਕਿਸ ਮੁੱਲ 'ਤੇ ਫਸਲ ਵਚੋਗੇ? ਵਿਰੋਧੀ ਧਿਰ ਟੀ. ਐੱਮ. ਸੀ. ਦੇ ਨੇਤਾ ਡੇਰੈਕ ਓ ਬ੍ਰਾਇਨ ਵੱਲੋਂ ਇਸ ਬਿੱਲ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਕਿ ਇਹ ਬਿੱਲ ਛੋਟੇ ਕਿਸਾਨਾਂ ਦੀ ਅਸਰੁੱਖਿਆ ਕਰਦਾ ਹੈ, 2022 'ਚ ਕਿਸਾਨਾਂ ਦੀ ਆਮਦਨ ਦੁੱਗਣੀ ਕਿਸ ਤਰ੍ਹਾਂ ਹੋਵੇਗੀ? ਇਸ ਦਾ ਜਵਾਬ ਦਿੰਦੇ ਹੋਏ ਖੇਤੀਬਾੜੀ ਮੰਤਰੀ ਨੇ ਕਿਹਾ, "ਜਦੋਂ 2022 ਆਵੇਗਾ ਤਾਂ ਮੈਂ ਉਨ੍ਹਾਂ ਨੂੰ ਜਵਾਬ ਦੇਵਾਂਗਾ ਕਿ ਕਿਸਾਨ ਦੀ ਆਮਦਨ ਦੁੱਗਣੀ ਹੋਈ ਜਾਂ ਨਹੀਂ ਹੋਈ"