ਰਾਜ ਸਭਾ ਮੈਂਬਰ ਸੰਜੇ ਸਿੰਘ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ

Friday, Jun 21, 2024 - 05:13 PM (IST)

ਸੁਲਤਾਨਪੁਰ (ਉੱਤਰ ਪ੍ਰਦੇਸ਼), (ਭਾਸ਼ਾ)- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਖ਼ਿਲਾਫ ਇੱਥੋਂ ਦੇ ਸੰਸਦ ਮੈਂਬਰ/ਵਿਧਾਇਕ ਦੀ ਵਿਸ਼ੇਸ਼ ਅਦਾਲਤ ਨੇ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਹ ਸਾਲ 2021 ਦੇ ਮਹਾਮਾਰੀ ਐਕਟ ਦੀ ਉਲੰਘਣਾ ਨਾਲ ਜੁੜਿਆ ਮਾਮਲਾ ਹੈ ਜਿਸ ਵਿਚ ਸਿੰਘ ਵਾਰੰਟ ਦੇ ਬਾਵਜੂਦ ਅਦਾਲਤ ਵਿਚ ਪੇਸ਼ ਨਹੀਂ ਹੋਏ ਸਨ।

ਵਿਸ਼ੇਸ਼ ਸਰਕਾਰੀ ਵਕੀਲ ਵੈਭਵ ਪਾਂਡੇ ਨੇ ਦੱਸਿਆ ਕਿ 13 ਅਪ੍ਰੈਲ, 2021 ਨੂੰ ਬੰਧੂਆਕਲਾ ਥਾਣੇ ਦੇ ਅਧਿਕਾਰੀ ਪ੍ਰਵੀਨ ਕੁਮਾਰ ਸਿੰਘ ਨੇ ਸੰਜੇ ਸਿੰਘ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ ਸੀ। ਐੱਫ. ਆਈ. ਆਰ. ਵਿਚ ਦੋਸ਼ ਲਾਇਆ ਗਿਆ ਸੀ ਕਿ ਦੁਪਹਿਰ 3.30 ਵਜੇ ਹਸਨਪੁਰ ਪਿੰਡ ਵਿਚ ਸੰਜੇ ਸਿੰਘ ਆਪਣੀ ਪਾਰਟੀ ਦੀ ਜ਼ਿਲਾ ਪੰਚਾਇਤ ਮੈਂਬਰ ਸਲਮਾ ਬੇਗਮ ਦੇ ਪੱਖ ਵਿਚ ਮੀਟਿੰਗ ਕਰ ਰਹੇ ਸਨ, ਜਿਸ ਦੀ ਉਨ੍ਹਾਂ ਕੋਲ ਇਜਾਜ਼ਤ ਨਹੀਂ ਸੀ। ਐੱਫ. ਆਈ. ਆਰ. ਅਨੁਸਾਰ, ਸਿੰਘ ਦੇ ਨਾਲ 50-60 ਲੋਕ ਹੋਰ ਸਨ ਅਤੇ ਉਨ੍ਹਾਂ ਦੇ ਇਹ ਕੰਮ ਨਾਲ ਮਹਾਮਾਰੀ ਐਕਟ ਅਤੇ ਹੋਰ ਕਾਨੂੰਨਾਂ ਦੀ ਉਲੰਘਣਾ ਹੋਈ।

ਜਾਂਚ ਤੋਂ ਬਾਅਦ ਪੁਲਸ ਨੇ ਮਾਮਲੇ ਵਿਚ ਸੰਜੇ ਸਿੰਘ ਸਮੇਤ ਲੱਗਭਗ ਦਰਜਨ ਭਰ ਲੋਕਾਂ ਨੂੰ ਦੋਸ਼ੀ ਬਣਾਇਆ ਅਤੇ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਸੀ। ਵਿਸ਼ੇਸ਼ ਸਰਕਾਰੀ ਵਕੀਲ ਪਾਂਡੇ ਨੇ ਦੱਸਿਆ ਕਿ ਹੋਰ ਮੁਲਜ਼ਮਾਂ ਨੇ ਜ਼ਮਾਨਤ ਲੈ ਲਈ ਪਰ ਸੰਸਦ ਮੈਂਬਰ ਸੰਜੇ ਸਿੰਘ ਅਦਾਲਤ ਵਿਚ ਪੇਸ਼ ਨਹੀਂ ਹੋਏ। ਪਹਿਲਾਂ ਕਈ ਪੇਸ਼ੀਆਂ ’ਚ ਗਾਇਬ ਰਹੇ ਸਿੰਘ ਅੱਜ ਵੀ ਹਾਜ਼ਰ ਨਹੀਂ ਹੋਏ ਤਾਂ ਅਦਾਲਤ ਦੇ ਮੈਜਿਸਟਰੇਟ ਸ਼ੁਭਮ ਵਰਮਾ ਨੇ ਉਨ੍ਹਾਂ ਵਿਰੁੱਧ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ। ਅਗਲੀ ਪੇਸ਼ੀ 29 ਜੂਨ ਨੂੰ ਹੋਵੇਗੀ।


Rakesh

Content Editor

Related News