MP ਵਿਕਰਮਜੀਤ ਸਾਹਨੀ ਨੇ ਸਾਕਾ ਨੀਲਾ ਤਾਰਾ ਦੇ ਦਸਤਾਵੇਜ਼ ਜਨਤਕ ਕਰਨ ਦੀ ਕੀਤੀ ਮੰਗ
Sunday, Jun 04, 2023 - 07:19 PM (IST)
ਨਵੀਂ ਦਿੱਲੀ- ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸਾਕਾ ਨੀਲਾ ਤਾਰਾ ਨਾਲ ਸਬੰਧਤ ਸਾਰੇ ਸਰਕਾਰੀ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਕੀਤੀ ਮੰਗ ਕੀਤੀ। ਸ੍ਰੀ ਸਾਹਨੀ ਨੇ ਅਪੀਲ ਕੀਤੀ ਹੈ ਕਿ ਇਸ ਸਬੰਧੀ ਫਾਈਲਾਂ ਤੱਕ ਆਮ ਲੋਕਾਂ ਦੀ ਪਹੁੰਚ ਹੋਣੀ ਚਾਹੀਦੀ ਹੈ ਤਾਂ ਜੋ ਸਾਕਾ ਨੀਲਾ ਤਾਰਾ ਦੌਰਾਨ ਹੋਏ ਕਤਲੇਆਮ ਦੀ ਅਸਲੀਅਤ ਸਾਹਮਣੇ ਆ ਸਕੇ। ਸ੍ਰੀ ਸਾਹਨੀ ਨੇ ਕਿਹਾ ਕਿ ‘ਸਾਕਾ ਨੀਲਾ ਤਾਰਾ ਹਜਾਰਾਂ ਸ਼ਰਧਾਲੂਆਂ ਦੇ ਵਹਿਸ਼ੀਆਨਾ ਕਤਲੇਆਮ, ਹਰਿਮੰਦਰ ਸਾਹਿਬ ਅਤੇ ਸਿੱਖਾਂ ਦੇ ਸਰਵੋਤਮ ਸਥਾਨ ਅਕਾਲ ਤਖ਼ਤ ਸਾਹਿਬ ਦੇ ਪਾਵਨ ਅਸਥਾਨ ਦੀ ਭੰਨ-ਤੋੜ, ਅਜਾਇਬਘਰ ਅਤੇ ਤੋਸ਼ਾਖਾਨੇ ਦੀ ਤਬਾਹੀ, ਸਾਡੀ ਧਰੋਹਰ ਅਤੇ ਇਤਿਹਾਸ ਨਾਲ ਸਬੰਧਤ ਕੀਮਤੀ ਗ੍ਰੰਥਾਂ ਅਤੇ ਰਿਕਾਰਡਾਂ ਨੂੰ ਨਸ਼ਟ ਕਰਨ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਲੰਘਣਾ ਸੀ।
ਸਾਕਾ ਨੀਲਾ ਤਾਰਾ ਦੀ ਨਿੰਦਾ ਕਰਦਿਆਂ ਸ੍ਰੀ ਸਾਹਨੀ ਨੇ ਕਿਹਾ ਕਿ ਇਸ ਘਿਨਾਉਣੇ ਅਪਰਾਧ ਦਾ ਇੱਕੋ-ਇੱਕ ਇਨਸਾਫ਼ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਹੋਵੇਗਾ, ਜਿਸ ਲਈ ਜ਼ਰੂਰੀ ਹੈ ਕਿ ਸਬੰਧਤ ਸਾਰੇ ਦਸਤਾਵੇਜ਼ ਜਨਤਕ ਕੀਤੇ ਜਾਣ। ਉਸ ਨੇ ਅੱਗੇ ਕਿਹਾ, 'ਖੂਨੀ ਅਪਰੇਸ਼ਨ ਦੇ ਪਿੱਛੇ ਦੀ ਸੱਚਾਈ ਦੀ ਜਾਣਕਾਰੀ ਹਾਸਿਲ ਕਰਨ ਲਈ 39 ਸਾਲ ਦਾ ਇੰਤਜ਼ਾਰ ਬਹੁਤ ਲੰਬਾ ਹੈ । ਉਨ੍ਹਾਂ ਦਸਤਾਵੇਜ਼ਾਂ ਨੂੰ ਜਨਤਕ ਕਰਨ ਅਤੇ ਦੋਸ਼ੀਆਂ ਨੂੰ ਜਵਾਬਦੇਹ ਬਣਾਉਣ ਦੀ ਅਪੀਲ ਕੀਤੀ ਹੈ। ਸਾਕਾ ਨੀਲਾ ਤਾਰਾ ਨੂੰ ਸਿੱਖ ਅਤੇ ਵਿਸ਼ਵ ਇਤਿਹਾਸ ਦੇ ਸਭ ਤੋਂ ਵੱਡੇ ਕਤਲੇਆਮ ਵਿੱਚੋਂ ਇੱਕ ਦੱਸਦੇ ਹੋਏ ਉਨ੍ਹਾਂ ਅਪੀਲ ਕੀਤੀ ਕਿ ਪੀੜਤਾਂ ਤੋਂ ਲੈ ਕੇ ਜਨਤਾ, ਇਤਿਹਾਸਕਾਰਾਂ, ਵਿਦਵਾਨਾਂ ਅਤੇ ਰਾਜਨੀਤਿਕ ਨੇਤਾਵਾਂ ਤੱਕ ਹਰ ਕੋਈ ਇਸ ਪਿੱਛੇ ਸਾਜ਼ਿਸ਼ ਨੂੰ ਜਾਨਣ ਦਾ ਹੱਕਦਾਰ ਹੈ, ਜੋ ਕਿ ਦਸਤਾਵੇਜ਼ਾਂ ਨੂੰ ਜਨਤਕ ਕਰਨ ਨਾਲ ਹੀ ਹੋ ਸਕਦਾ ਹੈ।
ਸਾਕਾ ਨੀਲਾ ਤਾਰਾ ਦੇ ਵੇਰਵਿਆਂ ਦੇ ਜਾਰੀ ਹੋਣ ਦੇ ਪ੍ਰਭਾਵਾਂ ਦੀ ਸੰਵੇਦਨਸ਼ੀਲਤਾ 'ਤੇ ਜ਼ੋਰ ਦਿੰਦੇ ਹੋਏ, ਸ੍ਰੀ ਸਾਹਨੀ ਨੇ ਕਿਹਾ ਕਿ ਅਸੀਂ ਇਹ ਨਹੀਂ ਭੁੱਲ ਸਕਦੇ ਕਿ 39 ਸਾਲ ਬੀਤ ਚੁੱਕੇ ਹਨ ਅਤੇ ਜੋ ਕੁਝ ਹੋਇਆ ਉਸਨੂੰ ਭੁੱਲਣਾ ਅਸੰਭਵ ਹੈ, ਹਾਲਾਂਕਿ ਦਸਤਾਵੇਜ਼ਾਂ ਦਾ ਪਰਦਾਫਾਸ਼ ਹੋਣ ਨਾਲ ਸੱਚਾਈ ਸਾਹਮਣੇ ਆ ਜਾਵੇਗੀ। ਦੇਸ਼ ਅਤੇ ਦੁਨੀਆ ਨੂੰ ਪਤਾ ਲੱਗ ਜਾਵੇਗਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਇਸ ਮੰਦਭਾਗੀ ਅਸਧਾਰਨ ਫੌਜੀ ਕਾਰਵਾਈ ਲਈ ਕਿਹੜੀ ਸਾਜ਼ਿਸ਼ ਰਚੀ ਗਈ ਸੀ ਅਤੇ ਕਿਸ ਤਰ੍ਹਾਂ ਇਸ ਨੂੰ ਅੰਜਾਮ ਦਿੱਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।