ਬਾਬੇ ਨਾਨਕ ਦੀ ਯਾਦ ''ਚ ਮੱਧ ਪ੍ਰਦੇਸ਼ ਸਰਕਾਰ ਬਣਾਵੇਗੀ ਮਿਊਜ਼ੀਅਮ ਤੇ ਖੋਜ ਕੇਂਦਰ

11/02/2019 4:06:10 PM

ਭੋਪਾਲ (ਭਾਸ਼ਾ)— ਮੱਧ ਪ੍ਰਦੇਸ਼ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਬਲਪੁਰ 'ਚ ਸਿੱਖ ਮਿਊਜ਼ੀਅਮ ਅਤੇ ਖੋਜ ਕੇਂਦਰ ਬਣਾਵੇਗੀ। ਇਸ ਨੂੰ ਬਣਾਉਣ ਵਿਚ 20 ਕਰੋੜ ਰੁਪਏ ਦੀ ਲਾਗਤ ਆਵੇਗੀ। ਮੱਧ ਪ੍ਰਦੇਸ਼ ਜਨ ਸੰਪਰਕ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਸ਼ਾਨਦਾਰ ਦਿੱਖ 'ਚ ਮਨਾਉਣ ਲਈ ਗਠਿਤ ਕਮੇਟੀ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ ਹੈ। ਕਮੇਟੀ ਦੀ ਬੈਠਕ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀ ਪ੍ਰਧਾਨਗੀ ਵਿਚ ਸ਼ੁੱਕਰਵਾਰ ਨੂੰ ਹੋਈ।

ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਦਾਂ ਨਾਲ ਜੁੜੇ ਪ੍ਰਦੇਸ਼ ਦੇ 6 ਮੁੱਖ ਸਿੱਖ ਧਰਮ ਅਸਥਾਨਾਂ ਨੂੰ ਸੈਰ-ਸਪਾਟਾ ਸਥਾਨ ਦੇ ਰੂਪ 'ਚ ਵਿਕਸਿਤ ਕਰਨ ਲਈ 12 ਕਰੋੜ ਰੁਪਏ ਦਿੱਤੇ ਜਾਣਗੇ। ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਦਾਂ ਨਾਲ ਜੁੜੇ ਮੱਧ ਪ੍ਰਦੇਸ਼ ਦੇ ਭੋਪਾਲ 'ਚ ਸਥਿਤ ਗੁਰਦੁਆਰਾ ਟੇਕਰੀ ਸਾਹਿਬ, ਇੰਦੌਰ ਦੇ ਗੁਰਦੁਆਰਾ ਇਮਲੀ ਸਾਹਿਬ, ਗੁਰਦੁਆਰਾ ਬੇਟਮਾ ਸਾਹਿਬ, ਓਮਕਾਰੇਸ਼ਵਰ ਸਥਿਤ ਗੁਰਦੁਆਰਾ, ਉੱਜੈਨ ਦਾ ਗੁਰੂ ਨਾਨਕ ਘਾਟ ਗੁਰਦੁਆਰਾ ਅਤੇ ਜਬਲਪੁਰ ਦੇ ਗਵਾਰੀ ਗੁਰਦੁਆਰੇ ਵਿਚ ਵਿਕਾਸ ਕੰਮ ਅਤੇ ਸਹੂਲਤਾਵਾਂ ਦੇ ਵਿਸਥਾਰ ਲਈ ਸੂਬਾ ਸਰਕਾਰ 2-2 ਕਰੋੜ ਰੁਪਏ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬਾਬੇ ਨਾਨਕ ਦੀਆਂ ਯਾਦਾਂ ਨਾਲ ਜੁੜੇ ਇਨ੍ਹਾਂ ਅਸਥਾਨਾਂ ਨੂੰ ਧਾਰਮਿਕ ਸੈਰ-ਸਪਾਟਾ ਸਥਾਨ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ।


Tanu

Content Editor

Related News