ਸਰਕਾਰ 'ਤੇ ਸੰਕਟ ਦੇ ਬੱਦਲ : ਮੱਧ ਪ੍ਰਦੇਸ਼ 'ਚ ਕੋਰੋਨਾ ਨੇ ਬਚਾਈ ਕਮਲਨਾਥ ਸਰਕਾਰ
Monday, Mar 16, 2020 - 12:37 PM (IST)
ਭੋਪਾਲ— ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ 'ਤੇ ਛਾਇਆ ਸੰਕਟ ਹੁਣ ਕੁਝ ਦਿਨਾਂ ਲਈ ਟਲਦਾ ਨਜ਼ਰ ਆ ਰਿਹਾ ਹੈ। ਅੱਜ ਫਲੋਰ ਟੈਸਟ ਹੋਣਾ ਸੀ ਪਰ ਵਿਧਾਨ ਸਭਾ ਦੀ ਕਾਰਵਾਈ ਨੂੰ 26 ਮਾਰਚ ਤਕ ਟਾਲ ਦਿੱਤਾ ਗਿਆ ਹੈ। ਸਰਕਾਰ ਨੂੰ ਫਲੋਰ ਟੈਸਟ ਤੋਂ ਫਿਲਹਾਲ ਰਾਹਤ ਮਿਲ ਗਈ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਮੱਧ ਪ੍ਰਦੇਸ਼ ਵਿਧਾਨ ਸਭਾ ਦੀ ਕਾਰਵਾਈ ਨੂੰ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਮੱਧ ਪ੍ਰਦੇਸ਼ 'ਚ ਕਾਂਗਰਸ ਦੇ 22 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਕਮਲਨਾਥ ਸਰਕਾਰ 'ਤੇ ਸੰਕਟ ਦੇ ਬੱਦਲ ਛਾ ਗਏ।
ਇਹ ਵੀ ਪੜ੍ਹੋ : ਜਿਓਤਿਰਾਦਿਤਿਆ ਸਿੰਧੀਆ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ, ਬੋਲੇ- ਹੁਣ ਅੱਗੇ ਵਧਣ ਦਾ ਸਮਾਂ
ਦਰਅਸਲ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ 'ਤੇ ਰਾਜਪਾਲ ਲਾਲਜੀ ਟੰਡਨ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਸਾਰੇ ਮੈਂਬਰਾਂ ਨੂੰ ਮੈਂ ਸਲਾਹ ਦੇਣਾ ਚਾਹੁੰਦਾ ਹਾਂ ਕਿ ਪ੍ਰਦੇਸ਼ ਦੀ ਜੋ ਸਥਿਤੀ ਹੈ, ਉਸ 'ਚ ਆਪਣੀ ਜ਼ਿੰਮੇਵਾਰੀ ਸ਼ਾਂਤੀਪੂਰਨ ਢੰਗ ਨਾਲ ਨਿਭਾਓ। ਲਾਲਜੀ ਟੰਡਨ ਨੇ ਜਿਵੇਂ ਹੀ ਆਪਣੀ ਗੱਲ ਪੂਰੀ ਕੀਤੀ ਦਾ ਵਿਧਾਨ ਸਭਾ 'ਚ ਹੰਗਾਮਾ ਸ਼ੁਰੂ ਹੋ ਗਿਆ। ਫਿਰ ਰਾਜਪਾਲ ਨੇ ਇਕ ਮਿੰਟ ਤੋਂ ਵੀ ਘੱਟ ਸਮੇਂ 'ਚ ਆਪਣੇ ਭਾਸ਼ਣ ਨੂੰ ਖਤਮ ਕਰ ਦਿੱਤਾ। ਉਨ੍ਹਾਂ ਨੇ ਅਖੀਰ 'ਚ ਕਿਹਾ ਕਿ ਵਿਧਾਇਕ ਮੱਧ ਪ੍ਰਦੇਸ਼ ਦੇ ਮਾਣ ਦੀ ਰੱਖਿਆ ਕਰਨ ਅਤੇ ਸੰਵਿਧਾਨ ਦੇ ਨਿਯਮਾਂ ਦਾ ਪਾਲਣ ਕਰਨ।
ਦਰਅਸਲ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੀ. ਐੱਮ. ਕਮਲਨਾਥ ਨੇ ਰਾਜਪਾਲ ਨੂੰ ਚਿੱਠੀ ਲਿਖੀ ਸੀ। ਇਸ ਚਿੱਠੀ ਵਿਚ ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਭਾਜਪਾ ਨੇ ਕਾਂਗਰਸ ਦੇ ਕੁਝ ਵਿਧਾਇਕਾਂ ਨੂੰ ਕਰਨਾਟਕ 'ਚ ਬੰਧੀ ਬਣਾ ਲਿਆ ਹੈ। ਉੱਥੇ ਹੀ ਉਹ ਕਾਂਗਰਸ ਦੇ ਬਾਗੀ ਵਿਧਾਇਕਾਂ ਦਾ ਜ਼ਿਕਰ ਕੀਤਾ ਗਿਆ, ਜੋ ਬੈਂਗਲੁਰੂ ਵਿਚ ਹਨ। ਸੀ. ਐੱਮ. ਕਮਲਨਾਥ ਨੇ ਚਿੱਠੀ ਵਿਚ ਇਹ ਵੀ ਲਿਖਿਆ ਕਿ ਅਜਿਹੀ ਸਥਿਤੀ 'ਚ ਫਲੋਰ ਟੈਸਟ ਕਰਾਉਣਾ ਅਸੰਵਿਧਾਨਕ ਅਤੇ ਲੋਕਤੰਤਰ ਦੇ ਵਿਰੁੱਧ ਹੋਵੇਗਾ।
ਇਹ ਵੀ ਪੜ੍ਹੋ : ਸੰਕਟ 'ਚ ਕਮਲਨਾਥ ਸਰਕਾਰ, 19 ਵਿਧਾਇਕਾਂ ਨੇ ਈ-ਮੇਲ ਤੋਂ ਰਾਜਪਾਲ ਨੂੰ ਭੇਜੇ ਅਸਤੀਫੇ
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ 'ਚ ਹੋਲੀ ਤੋਂ ਇਕ ਦਿਨ ਪਹਿਲਾਂ ਯਾਨੀ ਕਿ 9 ਮਾਰਚ ਨੂੰ ਸਿਆਸੀ ਹਲ-ਚਲ ਤੇਜ਼ ਹੋ ਗਈ ਸੀ। ਸੂਬੇ ਦੇ ਕਦਾਵਰ ਕਾਂਗਰਸੀ ਨੇਤਾ ਰਹੇ ਜਿਓਤਿਰਾਦਿਤਿਆ ਸਿੰਧੀਆ ਦੇ ਸਮਰਥਕ 22 ਕਾਂਗਰਸ ਵਿਧਾਇਕ ਅਚਾਨਕ ਭੋਪਾਲ ਤੋਂ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਚਲੇ ਗਏ। ਇਨ੍ਹਾਂ 22 ਵਿਧਾਇਕਾਂ 'ਚੋਂ 6 ਕਮਲਨਾਥ ਦੇ ਮੰਤਰੀ ਵੀ ਹਨ। ਇਨ੍ਹਾਂ ਸਾਰੇ ਵਿਧਾਇਕਾਂ ਨੇ ਆਪਣੇ ਅਸਤੀਫੇ ਸਪੀਕਰ ਨੂੰ ਸੌਂਪ ਦਿੱਤੇ ਹਨ। ਸਪੀਕਰ ਨੇ 6 ਮੰਤਰੀਆਂ ਦਾ ਅਸਤੀਫਾ ਤਾ ਮਨਜ਼ੂਰ ਕਰ ਲਿਆ ਹੈ ਪਰ 16 ਵਿਧਾਇਕਾਂ ਦਾ ਅਸਤੀਫਾ ਅਜੇ ਵੀ ਮਨਜ਼ੂਰ ਨਹੀਂ ਕੀਤਾ ਹੈ। ਜਿਓਤਿਰਾਦਿਤਿਆ ਨੇ ਵੀ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਹੈ।