ਮੱਧ ਪ੍ਰਦੇਸ਼ ਕੈਬਨਿਟ ਦਾ ਵਿਸਥਾਰ, ਰਾਮਨਿਵਾਸ ਰਾਵਤ ਨੇ ਮੰਤਰੀ ਵਜੋਂ ਚੁੱਕੀ ਸਹੁੰ

Monday, Jul 08, 2024 - 10:31 AM (IST)

ਭੋਪਾਲ- ਮੱਧ ਪ੍ਰਦੇਸ਼ ਕੈਬਨਿਟ ਦਾ ਸੋਮਵਾਰ ਨੂੰ ਵਿਸਥਾਰ ਕੀਤਾ ਗਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਰਾਮਨਿਵਾਸ ਰਾਵਤ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਮੰਗੂਭਾਈ ਪਟੇਲ ਨੇ ਇੱਥੇ ਰਾਜ ਭਵਨ ਵਿਚ ਇਕ ਸਮਾਰੋਹ ਵਿਚ ਮੁੱਖ ਮੰਤਰੀ ਮੋਹਨ ਯਾਦਵ ਦੀ ਮੌਜੂਦਗੀ 'ਚ ਰਾਵਤ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਸ਼ਿਓਪੁਰ ਜ਼ਿਲ੍ਹੇ ਦੇ ਵਿਜੇਪੁਰ ਤੋਂ 6 ਵਾਰ ਵਿਧਾਇਕ ਰਹੇ ਰਾਵਤ ਨੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ 30 ਅਪ੍ਰੈਲ ਨੂੰ ਕਾਂਗਰਸ ਛੱਡ ਦਿੱਤੀ ਸੀ ਅਤੇ ਸੱਤਾਧਾਰੀ ਭਾਜਪਾ ਵਿਚ ਸ਼ਾਮਲ ਹੋ ਗਏ ਸਨ।

ਭਾਵੇਂ ਰਾਵਤ ਭਾਜਪਾ 'ਚ ਸ਼ਾਮਲ ਹੋ ਗਏ ਸਨ ਪਰ ਉਨ੍ਹਾਂ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਨਹੀਂ ਦਿੱਤਾ ਸੀ। ਇਕ ਚੋਣ ਰੈਲੀ 'ਚ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਵੀ ਰਾਵਤ ਸੱਤਾਧਾਰੀ ਪਾਰਟੀ 'ਚ ਸ਼ਾਮਲ ਹੋਣ ਦੀ ਪੁਸ਼ਟੀ ਕਰਨ ਤੋਂ ਝਿਜਕ ਰਹੇ ਸਨ।  ਵਿਧਾਨ ਸਭਾ ਚੋਣਾਂ ਤੋਂ ਬਾਅਦ 13 ਦਸੰਬਰ 2023 ਨੂੰ ਅਹੁਦਾ ਸੰਭਾਲਣ ਵਾਲੇ ਮੁੱਖ ਮੰਤਰੀ ਯਾਦਵ ਨੇ 25 ਦਸੰਬਰ ਨੂੰ ਆਪਣੇ ਕੈਬਨਿਟ 'ਚ 28 ਵਿਧਾਇਕਾਂ ਨੂੰ ਸ਼ਾਮਲ ਕੀਤਾ ਸੀ। ਰਾਵਤ ਦੇ ਸਹੁੰ ਚੁੱਕਣ ਤੋਂ ਬਾਅਦ ਸੂਬਾ ਕੈਬਨਿਟ 'ਚ ਮੈਂਬਰਾਂ ਦੀ ਗਿਣਤੀ 29 ਹੋ ਗਈ ਹੈ। ਮੱਧ ਪ੍ਰਦੇਸ਼ ਕੈਬਨਿਟ 'ਚ ਸਭ ਤੋਂ ਵੱਧ ਮੈਂਬਰਾਂ ਦੀ ਗਿਣਤੀ 34 ਹੈ।


Tanu

Content Editor

Related News