ਬੁਜ਼ੁਰਗਾਂ ਨਾਲ ਹੋਣ ਵਾਲੇ ਅਪਰਾਧ ਮਾਮਲੇ ''ਚ ਦੇਸ਼ ਦਾ ਇਹ ਸੂਬਾ ਹੈ ਦੂਜੇ ਨੰਬਰ ''ਤੇ
Thursday, Dec 07, 2017 - 10:01 PM (IST)

ਭੋਪਾਲ— ਸੀਨੀਅਰ ਨਾਗਰਿਕਾਂ ਨਾਲ ਹੋਣ ਵਾਲੇ ਅਪਰਾਧਾਂ ਦੇ ਮਾਮਲੇ 'ਚ ਮੱਧ ਪ੍ਰਦੇਸ਼ ਦੇਸ਼ 'ਚ ਦੂਜੇ ਨੰਬਰ ਦਾ ਸੂਬਾ ਬਣ ਗਿਆ ਹੈ। ਜਦਕਿ ਮਹਾਰਾਸ਼ਟਰ ਸਭ ਤੋਂ ਅਸੁਰੱਖਿਅਤ ਸੂਬਿਆਂ 'ਚ ਸ਼ਾਮਲ ਹੋ ਕੇ ਪਹਿਲੇ ਨੰਬਰ 'ਤੇ ਹੈ। ਮੱਧ ਪ੍ਰਦੇਸ਼ 'ਚ ਅਪਰਾਧੀਆਂ ਲਈ ਸਾਫਟ ਟਾਰਗੇਟ ਬੁਜ਼ੁਰਗ ਰਹੇ। ਜਿਨ੍ਹਾਂ ਦਾ ਨਾ ਸਿਰਫ ਕਤਲ ਕੀਤਾ ਗਿਆ ਸਗੋਂ ਉਨ੍ਹਾਂ ਨੂੰ ਆਸਾਨੀ ਨਾਲ ਲੁੱਟ ਖੋਹ 'ਤੇ ਧੋਖਾਧੜੀ ਦਾ ਸ਼ਿਕਾਰ ਵੀ ਬਣਾਇਆ। ਪ੍ਰਦੇਸ਼ 'ਚ ਅਜਿਹੀਆਂ 225 ਘਟਨਾਵਾਂ ਦਰਜ ਕੀਤੀਆਂ ਗਈਆਂ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਰਿਪੋਰਟ 'ਚ ਦਿੱਤੇ ਗਏ ਅੰਕੜਿਆਂ 'ਚ ਇਹ ਤੱਥ ਸਾਹਮਣੇ ਆਇਆ ਹੈ। ਬੀਤੇ ਤਿੰਨ ਸਾਲਾਂ ਦੇ ਅੰਕੜਿਆਂ 'ਤੇ ਨਜ਼ਰ ਪਾਈਏ ਤਾਂ ਸਾਲ 2016 'ਚ ਸੀਨੀਅਰ ਨਾਗਰਿਕਾਂ ਨਾਲ ਕਰੀਬ 10 ਫੀਸਦੀ ਅਪਰਾਧ ਵਧੇ ਹਨ। ਸਾਲ 2014 'ਚ ਜਿਥੇ 3438 ਮਾਮਲੇ ਦਰਜ ਹੋਏ ਸੀ, ਉਥੇ ਹੀ 2015 'ਚ ਇਸ ਦੀ ਗਿਣਤੀ ਵਧ ਕੇ 3456 ਰਹੀ। ਸਾਲ 2016 'ਚ ਵਧ ਕੇ 3877 ਪਹੁੰਚ ਗਈ। ਰਿਪੋਰਟ ਮੁਤਾਬਕ ਦੇਸ਼ 'ਚ 2016 'ਚ ਸੀਨੀਅਰ ਨਾਗਰਿਕਾਂ ਨਾਲ ਹੋਣ ਵਾਲੇ ਅਪਰਾਧਾਂ ਦੀ ਗਿਣਤੀ 21 ਹਜ਼ਾਰ 410 ਸੀ। ਜਿਸ 'ਚ 18 ਫੀਸਦੀ ਤੋਂ ਜ਼ਿਆਦਾ ਦੀ ਹਿੱਸੇਦਾਰੀ ਮੱਧ ਪ੍ਰਦੇਸ਼ ਦੀ ਰਹੀ ਹੈ।
2016 ਦੇ ਅੰਕੜਿਆਂ ਮੁਤਾਬਕ 82 ਅਪਰਾਧਾਂ 'ਚ 84 ਬੁਜ਼ੁਰਗਾਂ ਦਾ ਕਤਲ ਹੋਇਆ। ਇਸ ਦੌਰਾਨ 62 ਬੁਜ਼ੁਰਗਾਂ ਨਾਲ ਠੱਗੀ ਤਾਂ 58 ਨਾਲ ਲੁੱਟ ਖੋਹ ਤੇ ਡਕੈਤੀ ਦੀ ਘਟਨਾ ਸਾਹਮਣੇ ਆਈ। ਐੱਨ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਕ ਨਾਬਾਲਿਗਾਂ 'ਤੇ ਹੋਣ ਵਾਲੇ ਅਪਰਾਧ ਮਾਮਲੇ 'ਚ ਮੱਧ ਪ੍ਰਦੇਸ਼ ਦੇਸ਼ 'ਚ ਤੀਜੇ ਨੰਬਰ 'ਤੇ ਹੈ। ਮੱਧ ਪ੍ਰਦੇਸ਼ 'ਚ 2014 'ਚ 15084 ਮਾਮਲੇ ਦਰਜ ਹੋਏ, ਜਦਕਿ 2015 'ਚ ਇਹ ਗਿਣਤੀ 12859 ਸੀ ਪਰ 2016 'ਚ ਫਿਰ ਵਾਧਾ ਹੋਇਆ ਤੇ ਅਪਰਾਧ ਦੇ 13746 ਮਾਮਲੇ ਸਾਹਮਣੇ ਆਏ। ਨਾਬਾਲਿਗਾਂ ਦੇ ਅਗਵਾ ਮਾਮਲੇ 'ਚ ਮੱਧ ਪ੍ਰਦੇਸ਼ ਦਾ ਸਥਾਨ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਤੋਂ ਬਾਅਦ ਆਉਂਦਾ ਹੈ।