ਮੱਧ ਪ੍ਰਦੇਸ਼ ''ਚ ਪਿਕਅੱਪ ਵਾਹਨ ਪਲਟਣ ਨਾਲ 5 ਬਾਰਾਤੀਆਂ ਦੀ ਮੌਤ, 36 ਜ਼ਖ਼ਮੀ

06/18/2022 12:44:34 PM

ਸ਼ਹਿਡੋਲ (ਭਾਸ਼ਾ)- ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ 'ਚ ਬਾਰਾਤੀਆਂ ਨੂੰ ਲੈ ਕੇ ਜਾ ਰਹੇ ਇਕ ਪਿਕਅੱਪ ਵਾਹਨ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ 'ਚ ਇਕ ਮੁੰਡੇ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 36 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਜ਼ਖ਼ਮੀ ਹੋਏ 10 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 9.30 ਵਜੇ ਬੇਉਹਾਰੀ ਥਾਣਾ ਖੇਤਰ ਦੇ ਪਿੰਡ ਤਿਹਕੀ ਨੇੜੇ ਵਾਪਰੀ। ਬੀਓਹਾਰੀ ਥਾਣੇ ਦੇ ਇੰਚਾਰਜ ਸੁਧੀਰ ਸੋਨੀ ਨੇ ਦੱਸਿਆ ਕਿ ਸ਼ਹਿਡੋਲ ਜ਼ਿਲ੍ਹੇ ਦੇ ਜੈਸਿੰਘਨਗਰ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਢੋਲਰ ਤੋਂ ਬਨਸਾਗਰ ਥਾਣਾ ਖੇਤਰ ਦੇ ਡੋਲ ਪਿੰਡ ਤੱਕ ਆਦਿਵਾਸੀ ਸਮਾਜ ਦੀ ਇਕ ਬਾਰਾਤ ਜਾ ਰਹੀ ਸੀ। ਸਾਰੇ ਬਾਰਾਤੀ ਇਸ ਪਿਕਅੱਪ ਵਾਹਨ 'ਚ ਸਵਾਰ ਹੋ ਕੇ ਜਾ ਰਹੇ ਸਨ।

ਉਨ੍ਹਾਂ ਕਿਹਾ ਕਿ ਬਾਰਾਤ ਬੀਓਹਾਰੀ ਥਾਣਾ ਖੇਤਰ ਦੇ ਟਿਹਕੀ ਪਿੰਡ 'ਚ ਇਕ ਢਾਬੇ ਕੋਲ ਪਹੁੰਚੀ ਹੀ ਸੀ ਕਿ ਉਦੋਂ ਤੇਜ਼ ਹਫ਼ਤਾਰ ਕਾਰਨ ਮੋੜ 'ਤੇ ਪਿਕਅੱਪ ਵਾਹਨ ਦੇ ਡਾਈਵਰ ਨੇ ਉਸ 'ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਵਾਹਨ ਪਲਟ ਗਿਆ। ਸੋਨੀ ਅਨੁਸਾਰ, ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਫ਼ੋਰਸ, ਅਤੇ ਡਾਇਲ 100 ਦੇ ਵਾਹਨ ਮੌਕੇ 'ਤੇ ਪਹੁੰਚ ਗਏ ਅਤੇ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ 'ਚ ਢੋਲਕ ਵਾਸੀ ਬਲਵੰਤ ਗੌਂਡ, ਰਾਮ ਬਹੋਰ ਗੌਂਡ, ਮਾਲਿਕ ਗੌਂਡ ਅਤੇ ਬੁਧਮਨ ਗੌਂਡ ਹਨ, ਜਿਨ੍ਹਾਂ ਦੀ ਉਮਰ ਲਗਭਗ 40 ਤੋਂ 45 ਸਾਲ ਦਰਮਿਆਨ ਹੈ। ਇਕ ਮ੍ਰਿਤਕ ਦੀਪਕ ਗੌਂਡ ਦੀ ਉਮਰ 15 ਸਾਲ ਹੈ। ਸੋਨੀ ਅਨੁਸਾਰ, ਵਾਹਨ 'ਚ ਸਵਾਰ 36 ਬਾਰਾਤੀ ਵੀ ਜ਼ਖ਼ਮੀ ਹੋਏ ਹਨ। ਇਨ੍ਹਾਂ 'ਚੋਂ 10 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੈਡੀਕਲ ਕਾਲਜ ਸ਼ਹਿਡੋਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਦੋਂ ਕਿ ਹੋਰ 26 ਜ਼ਖ਼ਮੀਆਂ ਦਾ ਇਲਾਜ ਬੀਓਹਰੀ ਹਸਪਤਾਲ 'ਚ ਚੱਲ ਰਿਹਾ ਹੈ। ਸੋਨੀ ਅਨੁਸਾਰ, ਹਾਦਸੇ ਦੇ ਸਮੇਂ ਵਾਹਨ 'ਚ ਲਗਭਗ 42 ਬਾਰਾਤੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਲਾੜਾ ਅਤੇ ਡਰਾਈਵਰ ਦੋਵੇਂ ਬਚ ਗਏ ਹਨ। ਸੋਨੀ ਨੇ ਕਿਹਾ ਕਿ ਵਾਹਨ ਡਰਾਈਵਰ ਖ਼ਿਲਾਫ਼ ਆਈ.ਪੀ.ਸੀ. ਦੀਆਂ ਸੰਬੰਧਤ ਧਾਰਾਵਾਂ ਅਤੇ ਮੋਟਰ ਵਾਹਨ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


DIsha

Content Editor

Related News