ਬਦਰੀਨਾਥ ਹਾਈਵੇਅ ’ਤੇ ਡਿੱਗਿਆ ਪਹਾੜ, 10,000 ਤੋਂ ਵੱਧ ਸ਼ਰਧਾਲੂ ਫਸੇ
Friday, Jun 30, 2023 - 12:18 PM (IST)
ਚਮੋਲੀ (ਏਜੰਸੀ)- ਉੱਤਰਾਖੰਡ ’ਚ ਭਾਰੀ ਮੀਂਹ ਕਾਰਨ ਜਗ੍ਹਾ-ਜਗ੍ਹਾ ਜ਼ਮੀਨ ਖਿਸਕਣ ਅਤੇ ਮਲਬਾ ਆਉਣ ਨਾਲ ਰਸਤੇ ਪ੍ਰਭਾਵਿਤ ਹੋ ਰਹੇ ਹਨ। ਵੀਰਵਾਰ ਸਵੇਰੇ ਬਦਰੀਨਾਥ ਹਾਈਵੇਅ ’ਤੇ ਛਿਨਕਾ ਦੇ ਕੋਲ ਪਹਾੜ ਡਿੱਗਣ ਕਾਰਨ ਬਦਰੀਨਾਥ ਹਾਈਵੇਅ ਬੰਦ ਹੋ ਗਿਆ। ਰਸਤਾ ਪ੍ਰਭਾਵਿਤ ਹੋਣ ਕਾਰਨ ਬਦਰੀਨਾਥ ਧਾਮ ਅਤੇ ਸ੍ਰੀ ਹੇਮਕੁੰਟ ਸਾਹਿਬ ਆਉਣ-ਜਾਣ ਵਾਲੇ 10,000 ਤੋਂ ਵੱਧ ਸ਼ਰਧਾਲੂ ਫਸ ਗਏ ਹਨ। ਮੌਸਮ ਵਿਭਾਗ ਨੇ ਸੂਬੇ ’ਚ ਅਗਲੇ 3 ਦਿਨ ਤੱਕ ਲਗਾਤਾਰ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਚਮੋਲੀ ਗੋਪੇਸ਼ਵਰ ’ਚ ਕੱਲ ਰਾਤ ਤੋਂ ਹੀ ਤੇਜ਼ ਮੀਂਹ ਪੈ ਰਿਹਾ ਹੈ। ਇਸ ਦੇ ਕਾਰਨ ਅੱਜ ਸਵੇਰ ਦੇ ਸਮੇਂ ਬਦਰੀਨਾਥ ਹਾਈਵੇਅ ’ਤੇ ਛਿਨਕਾ ਦੇ ਕੋਲ ਪਹਾੜ ਡਿਗਣ ਨਾਲ ਭਾਰੀ ਮਾਤਰਾ ’ਚ ਮਲਬਾ ਸੜਕ ’ਤੇ ਆ ਗਿਆ ਅਤੇ ਨਦੀ ’ਚ ਵੀ ਡਿਗਾ।
ਚਮੋਲੀ ਜ਼ਿਲ੍ਹੇ ’ਚ ਛਿਨਕਾ ਪਿੰਡ ਦੇ ਨੇੜੇ ਪਹਾੜ ਤੋਂ ਡਿਗੇ ਮਲਬੇ ਅਤੇ ਬੋਲਡਰ ਨਾਲ ਬਦਰੀਨਾਥ ਹਾਈਵੇਅ ਦਾ ਲਗਭਗ 100 ਮੀਟਰ ਹਿੱਸਾ ਨੁਕਸਾਨੇ ਜਾਣ ਤੋਂ ਬਾਅਦ ਅਲਕਨੰਦਾ ’ਚ ਸਮਾ ਗਿਆ। ਵੀਰਵਾਰ ਸਵੇਰੇ ਲਗਭਗ 9 ਵੱਜ ਕੇ 30 ਮਿੰਟ ’ਤੇ ਹੋਈ ਇਸ ਘਟਨਾ ਨਾਲ ਬਦਰੀਨਾਥ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਨਿਕਲੇ ਵਾਹਨਾਂ ਦੀ ਆਵਾਜਾਈ ਰੁਕ ਗਈ। ਹਾਈਵੇਅ ’ਤੇ ਦੋਵਾਂ ਪਾਸੇ ਲਗਭਗ 5-5 ਕਿਲੋਮੀਟਰ ਤੱਕ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ।