ਗ੍ਰੇਟਰ ਨੋਇਡਾ ’ਚ ਟੈਂਕਰ ਨਾਲ ਟਕਰਾਇਆ ਮੋਟਰਸਾਈਕਲ, GBU ਦੇ 3 ਵਿਦਿਆਰਥੀਆਂ ਦੀ ਮੌਤ
Monday, Sep 22, 2025 - 09:24 PM (IST)

ਗ੍ਰੇਟਰ ਨੋਇਡਾ (ਭਾਸ਼ਾ)-ਗ੍ਰੇਟਰ ਨੋਇਡਾ ’ਚ ਐਤਵਾਰ ਦੇਰ ਰਾਤ ਹੋਏ ਭਿਆਨਕ ਸੜਕ ਹਾਦਸੇ ’ਚ ਗੌਤਮ ਬੁੱਧ ਯੂਨੀਵਰਸਿਟੀ (ਜੀ. ਬੀ. ਯੂ.) ਦੇ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਯਮੁਨਾ ਐਕਸਪ੍ਰੈੱਸ-ਵੇਅ ’ਤੇ ਚੁਹੜਪੁਰ ਅੰਡਰਪਾਸ ਦੇ ਕੋਲ ਪਾਣੀ ਵਾਲੇ ਟੈਂਕਰ ਨਾਲ ਮੋਟਰਸਾਈਕਲ ਦੀ ਟੱਕਰ ਕਾਰਨ ਇਹ ਹਾਦਸਾ ਹੋਇਆ। ਪੁਲਸ ਬੁਲਾਰੇ ਅਨੁਸਾਰ ਮ੍ਰਿਤਕਾਂ ਦੀ ਪਛਾਣ ਗਾਜ਼ੀਆਬਾਦ ਦੀ ਪੰਚਵਟੀ ਕਾਲੋਨੀ ਨਿਵਾਸੀ ਸਵੈਯਮ ਸਾਗਰ (19), ਗਾਜ਼ੀਪੁਰ ਜ਼ਿਲੇ ਦੇ ਖੁਦੁਰਾ ਪਿੰਡ ਨਿਵਾਸੀ ਕੁਸ਼ (21) ਅਤੇ ਬਰੇਲੀ ਜ਼ਿਲੇ ਦੀ ਸੈਟੇਲਾਈਟ ਕਾਲੋਨੀ ਨਿਵਾਸੀ ਸਮਰਥ ਪੁੰਡੀਰ (18) ਵਜੋਂ ਹੋਈ ਹੈ। ਸਵੈਯਮ ਅਤੇ ਕੁਸ਼ ਬੀ. ਟੈੱਕ ਪਹਿਲੇ ਸਾਲ ਦੇ ਵਿਦਿਆਰਥੀ ਸਨ, ਜਦੋਂ ਕਿ ਸਮਰਥ ਦੂਸਰੇ ਸਾਲ ’ਚ ਪੜ੍ਹਦਾ ਸੀ।
ਜਾਣਕਾਰੀ ਮੁਤਾਬਕ ਤਿੰਨੇ ਵਿਦਿਆਰਥੀ ਖਾਣਾ ਲੈਣ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਪੂਰਵਾਂਚਲ ਸੋਸਾਇਟੀ ਦੇ ਕੋਲ ਇਕ ਢਾਬੇ ’ਤੇ ਜਾ ਰਹੇ ਸਨ। ਉਸੇ ਦੌਰਾਨ ਸੜਕ ’ਤੇ ਬੂਟਿਆਂ ਨੂੰ ਪਾਣੀ ਦੇ ਰਹੇ ਇਕ ਟੈਂਕਰ ਨਾਲ ਉਨ੍ਹਾਂ ਦਾ ਮੋਟਰਸਾਈਕਲ ਟਕਰਾਅ ਗਿਆ। ਹਾਦਸੇ ’ਚ ਤਿੰਨੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਨੇੜਲੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਵੈਯਮ ਅਤੇ ਕੁਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਸਮਰਥ ਨੂੰ ਗੰਭੀਰ ਹਾਲਤ ਕਾਰਨ ਵੱਡੇ ਹਸਪਤਾਲ ’ਚ ਰੈਫਰ ਕੀਤਾ ਗਿਆ ਪਰ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।