ਕਾਂਗਰਸ ਦੇ ਸੀਨੀਅਰ ਨੇਤਾ ਮੋਤੀਲਾਲ ਵੋਰਾ ਦਾ 93 ਸਾਲ ਦੀ ਉਮਰ ’ਚ ਦਿਹਾਂਤ

Monday, Dec 21, 2020 - 04:17 PM (IST)

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੋਤੀਲਾਲ ਵੋਰਾ ਦਾ ਦਿਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਉਨ੍ਹਾਂ ਨੇ ਦਿੱਲੀ ਦੇ ਫੋਰਟਿਸ ਹਸਪਤਾਲ ’ਚ ਆਖਰੀ ਸਾਹ ਲਿਆ। ਤਿੰਨ ਦਿਨ ਪਹਿਲਾਂ ਹੀ ਖਰਾਬ ਸਿਹਤ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਮੋਤੀਲਾਲ ਵੋਰਾ ਦੇ ਦਿਹਾਂਤ ਤੋਂ ਬਾਅਦ ਪਾਰਟੀ ਹੈੱਡਕੁਆਰਟਰ ’ਚ ਕਾਂਗਰਸ ਦਾ ਝੰਡਾ ਅੱਧਾ ਝੁਕਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਮੋਤੀਲਾਲ ਵੋਰਾ ਨੇ ਐਤਵਾਰ ਯਾਨੀ ਕਿ ਕੱਲ੍ਹ ਹੀ ਆਪਣਾ 93ਵਾਂ ਜਨਮ ਦਿਨ ਮਨਾਇਆ ਸੀ।

ਲੰਬੇ ਸਮੇਂ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਰਹੇ ਮੋਤੀਲਾਲ ਵੋਰਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਰਾਜਪਾਲ ਰਹਿ ਚੁੱਕੇ ਹਨ। ਮੋਤੀਲਾਲ ਵੋਰਾ ਦਾ ਜਨਮ 20 ਦਸੰਬਰ 1928 ਨੂੰ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿਚ ਹੋਇਆ ਸੀ। ਮੋਤੀਲਾਲ ਵੋਰਾ ਦਾ ਵਿਆਹ ਸ਼ਾਂਤੀ ਦੇਵੀ ਨਾਲ ਹੋਇਆ ਸੀ। ਉਨ੍ਹਾਂ ਦੀਆਂ 4 ਧੀਆਂ ਅਤੇ ਦੋ ਪੁੱਤਰ ਹਨ। ਉਨ੍ਹਾਂ ਦੇ ਵੱਡੇ ਪੁੱਤਰ ਅਰੁਣ ਵੋਰਾ ਦੁਰਗ ਤੋਂ ਵਿਧਾਇਕ ਹਨ। ਦੱਸ ਦੇਈਏ ਕਿ ਕਾਂਗਰਸ ਨੇਤਾ ਅਹਿਮਦ ਪਟੇਲ ਤੋਂ ਬਾਅਦ ਮੋਤੀਲਾਲ ਵੋਰਾ ਦਾ ਦਿਹਾਂਤ ਕਾਂਗਰਸ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ।


Tanu

Content Editor

Related News