ਹਿੰਦੀ ਬੋਲਣ 'ਤੇ ਮਾਂ ਨੇ ਧੀ ਦਾ ਕਰ 'ਤਾ ਕਤਲ
Sunday, Dec 28, 2025 - 01:20 AM (IST)
ਪਨਵੇਲ : ਇਥੇ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਔਰਤ ਨੇ ਕਥਿਤ ਤੌਰ ’ਤੇ ਆਪਣੀ 6 ਸਾਲਾ ਧੀ ਦਾ ਕਤਲ ਕਰ ਦਿੱਤਾ। ਇਹ ਮਾਮਲਾ ਕਲੰਬੋਲੀ ਇਲਾਕੇ ਦੇ ਸੈਕਟਰ-1 ਵਿਚ ਸਥਿਤ ਗੁਰੂਸੰਕਲਪ ਹਾਊਸਿੰਗ ਸੁਸਾਇਟੀ ਦਾ ਹੈ। ਇਸ ਘਟਨਾ ਨੇ ਪੂਰੇ ਸ਼ਹਿਰ ਵਿਚ ਸਨਸਨੀ ਫੈਲਾ ਦਿੱਤੀ ਹੈ। ਪੁਲਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਪੁਲਸ ਨੇ ਮੁਲਜ਼ਮ 30 ਸਾਲਾ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੋਸਟਮਾਰਟਮ ਨਾਲ ਖੁੱਲ੍ਹਿਆ ਭੇਤ
ਪੁਲਸ ਦੇ ਅਨੁਸਾਰ, ਮਾਂ ਨੇ ਪਹਿਲਾਂ ਆਪਣੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਇਸਨੂੰ ਦਿਲ ਦਾ ਦੌਰਾ ਪੈਣ ਦਾ ਦਾਅਵਾ ਕਰ ਕੇ ਆਪਣੇ ਅਪਰਾਧ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਲੜਕੀ ਦੀ ਮੌਤ ਦੇ ਹਾਲਾਤ ਨੇ ਪੁਲਸ ਨੂੰ ਸ਼ੱਕ ਪੈਦਾ ਕਰ ਦਿੱਤਾ ਅਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਤਲ ਦੇ ਨਜ਼ਰੀਏ ਤੋਂ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਕਤਲ ਦੇ ਕਾਰਨ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਾਇਆ ਗਿਆ, ਜਿਸ ਤੋਂ ਪਤਾ ਲੱਗਾ ਕਿ ਉਸਦੀ ਮੌਤ ਦਿਲ ਦੇ ਦੌਰੇ ਨਾਲ ਨਹੀਂ ਸਗੋਂ ਦਮ ਘੁੱਟਣ ਨਾਲ ਹੋਈ ਸੀ। ਔਰਤ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਸੱਚਾਈ ਸਾਹਮਣੇ ਆਈ।
ਮਾਮਲੇ ਦਾ ਖੁਲਾਸਾ ਹੋਣ ’ਤੇ ਕਲੰਬੋਲੀ ਪਲਿਸ ਨੇ ਮੁਲਜ਼ਮ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਮਾਂ ਦਾ ਇਲਾਜ ਮਨੋਵਿਗਿਆਨੀ ਤੋਂ ਚੱਲ ਰਿਹਾ ਸੀ। ਅਜਿਹੀ ਸਥਿਤੀ ਵਿਚ ਪੁਲਸ ਮੁਲਜ਼ਮ ਮਾਂ ਦੀ ਮਾਨਸਿਕ ਸਥਿਤੀ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਸ ਅਨੁਸਾਰ, ਔਰਤ ਕੋਲ ਬੀ. ਐੱਸ. ਸੀ. (ਬੈਚਲਰ ਆਫ਼ ਸਾਇੰਸ) ਦੀ ਡਿਗਰੀ ਹੈ ਅਤੇ ਉਸਦਾ ਪਤੀ ਇਕ ਆਈ. ਟੀ. ਇੰਜੀਨੀਅਰ ਹੈ। ਦੋਵਾਂ ਦਾ ਵਿਆਹ 2017 ਵਿਚ ਹੋਇਆ ਸੀ ਅਤੇ 2019 ਵਿਚ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ।
ਔਰਤ ਨੇ ਪਤੀ ਨੂੰ ਕਿਹਾ, ਮੈਨੂੰ ਅਜਿਹਾ ਬੱਚਾ ਨਹੀਂ ਚਾਹੀਦਾ
ਪੁਲਿਸ ਦੇ ਅਨੁਸਾਰ, ਬੱਚੀ ਨੂੰ ਛੋਟੀ ਉਮਰ ਤੋਂ ਹੀ ਬੋਲਣ ਵਿਚ ਮੁਸ਼ਕਲ ਆਉਂਦੀ ਸੀ ਅਤੇ ਉਹ ਜ਼ਿਆਦਾਤਰ ਹਿੰਦੀ ਵਿਚ ਬੋਲਦੀ ਸੀ। ਇਸ ਕਾਰਨ ਅਕਸਰ ਉਸਦੀ ਮਾਂ ਗੁੱਸਾ ਕਰਦੀ ਸੀ ਅਤੇ ਖਿਝੀ-ਖਿਝੀ ਰਹਿੰਦੀ ਸੀ। ਉਹ ਲਗਾਤਾਰ ਆਪਣੇ ਪਤੀ ਨੂੰ ਕਹਿੰਦੀ ਸੀ ਕਿ ਮੈਨੂੰ ਅਜਿਹਾ ਬੱਚਾ ਨਹੀਂ ਚਾਹੀਦਾ, ਜੋ ਠੀਕ ਤਰ੍ਹਾਂ ਬੋਲ ਨਹੀਂ ਸਕਦਾ। ਉਸਦਾ ਪਤੀ ਅਕਸਰ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਪਰ ਇਸ ਦੇ ਬਾਵਜੂਦ, ਔਰਤ ਦੀਆਂ ਆਪਣੀ ਧੀ ਬਾਰੇ ਸ਼ਿਕਾਇਤਾਂ ਖਤਮ ਨਹੀਂ ਹੁੰਦੀਆਂ ਸਨ।
