ਨਕਾਬਪੋਸ਼ ਨੌਜਵਾਨਾਂ ਨੇ ਘਰ ''ਚ ਦਾਖ਼ਲ ਹੋ ਕੇ ਮਾਂ-ਧੀ ਨੂੰ ਮਾਰੀਆਂ ਗੋਲੀਆਂ
Sunday, Feb 16, 2025 - 10:10 AM (IST)

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਦੇ ਸੈਕਟਰ-3 ਇਲਾਕੇ 'ਚ ਇਕ ਮਹਿਲਾ ਅਧਿਆਪਕਾ ਅਤੇ ਉਸ ਦੀ 7 ਸਾਲਾ ਧੀ ਨੂੰ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਦੋ ਨਕਾਬਪੋਸ਼ ਨੌਜਵਾਨਾਂ ਨੇ ਗੋਲੀਆਂ ਮਾਰ ਦਿੱਤੀਆਂ। ਔਰਤ ਦੇ ਲੱਕ ਅਤੇ ਕੁੜੀ ਦੇ ਪੈਰ 'ਚ ਗੋਲੀ ਲੱਗੀ ਹੈ। ਦੋਵੇਂ ਗੰਭੀਰ ਜ਼ਖ਼ਮੀ ਹੋ ਗਈਆਂ ਅਤੇ ਦੋਵਾਂ ਨੂੰ ਜ਼ਖਮੀ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਔਰਤ ਦੀ ਪਛਾਣ ਦੀਪਾ ਵਜੋਂ ਹੋਈ ਹੈ, ਜੋ ਟੈਗੋਰ ਸਕੂਲ, ਸੈਕਟਰ-3 ਦੇ ਸਾਹਮਣੇ ਰਹਿੰਦੀ ਹੈ। ਉਸ ਦਾ ਪਤੀ ਵਿਕਾਸ ਚੌਹਾਨ ਇਕ ਕਤਲ ਕੇਸ 'ਚ ਜੇਲ੍ਹ 'ਚ ਬੰਦ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਨੌਜਵਾਨ ਸਕੂਟਰ 'ਤੇ ਫ਼ਰਾਰ ਹੋ ਗਏ। ਹਾਲਾਂਕਿ ਪੁਲਸ ਨੇ ਇਕ ਹਮਲਾਵਰ ਨੂੰ ਫੜ ਲਿਆ। ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬੱਲਭਗੜ੍ਹ ਦੇ ACP ਮਹੇਸ਼ਵਰ ਅਤੇ ਸੈਕਟਰ-8 ਥਾਣੇ ਦੇ SHO ਮਨੋਜ ਕੁਮਾਰ ਮੌਕੇ ’ਤੇ ਪੁੱਜੇ। ਉਨ੍ਹਾਂ ਮਾਮਲੇ ਦਾ ਜਾਇਜ਼ਾ ਲਿਆ।
ਸ਼ਨੀਵਾਰ ਸ਼ਾਮ ਕਰੀਬ ਪੰਜ ਵਜੇ ਔਰਤ ਘਰ 'ਚ ਸੀ। ਉਦੋਂ ਸਕੂਟਰ 'ਤੇ ਸਵਾਰ ਦੋ ਨਕਾਬਪੋਸ਼ ਨੌਜਵਾਨ ਉਸ ਦੇ ਘਰ ਦੇ ਬਾਹਰ ਆਏ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਕੁੜੀ ਬਾਹਰ ਆਈ ਤਾਂ ਨੌਜਵਾਨਾਂ ਨੇ ਉਸ ਤੋਂ ਉਸ ਬਾਰੇ ਪੁੱਛਿਆ। ਇਸ ਤੋਂ ਬਾਅਦ ਕੁੜੀ ਨੇ ਆਪਣੀ ਮਾਂ ਦੀਪਾ ਚੌਹਾਨ ਨੂੰ ਆਵਾਜ਼ ਮਾਰਨ ਲੱਗੀ। ਜਦੋਂ ਉਹ ਬਾਹਰ ਆਈ ਤਾਂ ਉਸ ਨੇ ਹਮਲਾਵਰ ਨੂੰ ਪਛਾਣ ਲਿਆ ਅਤੇ ਆਪਣੀ ਧੀ ਨੂੰ ਅੰਦਰ ਭੇਜਣ ਲੱਗੀ। ਫਿਰ ਦੋ ਬਦਮਾਸ਼ਾਂ 'ਚੋਂ ਇਕ ਨੇ ਪਿਸਤੌਲ ਕੱਢ ਕੇ ਫਾਇਰ ਕਰ ਦਿੱਤਾ। ਇਸ ਦੌਰਾਨ ਇਕ ਗੋਲੀ ਦੀਪਾ ਦੇ ਲੱਕ ਵਿਚ ਲੱਗੀ, ਜਦੋਂ ਕਿ ਦੂਜੀ ਗੋਲੀ ਕੁੜੀ ਦੇ ਪੈਰ 'ਚ ਲੱਗੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਦੌੜੇ ਤਾਂ ਦੋਵੇਂ ਹਮਲਾਵਰ ਫ਼ਰਾਰ ਹੋ ਗਏ। ਸਥਾਨਕ ਲੋਕਾਂ ਨੇ ਤੁਰੰਤ ਡਾਇਲ-112 'ਤੇ ਫੋਨ ਕਰਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਪੁਲਸ ਬੁਲਾਰੇ ਨੇ ਦੱਸਿਆ ਕਿ ਸੀ. ਸੀ. ਟੀ. ਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਘਟਨਾ ਦੇ ਇਕ ਘੰਟੇ ਦੇ ਅੰਦਰ ਪੁਲਸ ਟੀਮ ਨੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਉਸ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਵਿਕਾਸ ਵਜੋਂ ਹੋਈ ਹੈ। ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਸੈਕਟਰ 8 ਥਾਣੇ ਦੇ ਇੰਚਾਰਜ ਮਨੋਜ ਕੁਮਾਰ ਨੇ ਦੱਸਿਆ ਕਿ ਸ਼ੱਕ ਹੈ ਕਿ ਔਰਤ ਦੇ ਪਤੀ ਨਾਲ ਕੋਈ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ, ਜਿਸ ਕਾਰਨ ਹਮਲਾਵਰਾਂ ਨੇ ਫਾਇਰਿੰਗ ਕੀਤੀ।