ਪਤੀ ਦੀ ਤੇਰ੍ਹਵੀਂ ਵਾਲੇ ਦਿਨ ਪੁੱਤ ਦੀ ਵੀ ਹੋਈ ''ਮੌਤ'' ! ਦੁੱਖਾਂ ਦੇ ਪਹਾੜ ਹੇਠ ਦੱਬੀ ਔਰਤ ਨੇ 4 ਲੋਕਾਂ ਨੂੰ ਦਿਵਾਈ ''ਨਵੀਂ ਜ਼ਿੰਦਗੀ''
Monday, Apr 27, 2026 - 02:04 PM (IST)
ਰੋਹਤਕ- ਹਰਿਆਣਾ ਦੇ ਰੋਹਤਕ 'ਚ ਇਕ ਮਾਂ ਨੇ ਆਪਣੇ ਜਵਾਨ ਪੁੱਤ ਦੀ ਮੌਤ ਦੇ ਗ਼ਮ ਨੂੰ ਪਾਸੇ ਰੱਖ ਕੇ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਲਿਆ। ਇਸ ਨੇਕ ਫੈਸਲੇ ਰਾਹੀਂ ਚਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਖ਼ਾਸ ਗੱਲ ਇਹ ਰਹੀ ਕਿ ਹਰਿਆਣਾ ਦੇ ਇਤਿਹਾਸ 'ਚ ਪਹਿਲੀ ਵਾਰ ਅੰਗਾਂ ਨੂੰ ਪਹੁੰਚਾਉਣ ਲਈ ਏਅਰਲਿਫਟ ਦੀ ਮਦਦ ਲਈ ਗਈ।
ਕਰਨਾਲ ਦੇ ਪਿੰਡ ਬਾਲ ਰਾਂਗੜਾਨ ਦੇ ਰਹਿਣ ਵਾਲੇ ਰਾਜੇਂਦਰ ਅਤੇ ਉਨ੍ਹਾਂ ਦਾ 16 ਸਾਲਾ ਪੁੱਤ ਹਰਸ਼ 15 ਅਪ੍ਰੈਲ ਨੂੰ ਪਾਣੀਪਤ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਅਗਲੇ ਹੀ ਦਿਨ ਰਾਜੇਂਦਰ ਦੀ ਮੌਤ ਹੋ ਗਈ, ਜਦਕਿ ਹਰਸ਼ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਸੀ। ਸ਼ੁੱਕਰਵਾਰ ਨੂੰ ਜਦੋਂ ਪਰਿਵਾਰ ਰਾਜੇਂਦਰ ਦੀ ਤੇਰ੍ਹਵੀਂ ਦੀਆਂ ਰਸਮਾਂ ਨਿਭਾ ਰਿਹਾ ਸੀ, ਉਸੇ ਦਿਨ ਰੋਹਤਕ PGIMS ਦੇ ਡਾਕਟਰਾਂ ਨੇ ਹਰਸ਼ ਨੂੰ 'ਬ੍ਰੇਨ ਡੈੱਡ' ਐਲਾਨ ਦਿੱਤਾ। ਮਾਂ ਨੇ ਦੁੱਖ ਦੀ ਇਸ ਘੜੀ 'ਚ ਹਿੰਮਤ ਦਿਖਾਉਂਦਿਆਂ ਹਰਸ਼ ਦੇ ਅੰਗ ਦਾਨ ਕਰਨ ਦਾ ਫੈਸਲਾ ਲਿਆ। ਐਤਵਾਰ ਸਵੇਰੇ ਭਾਰਤੀ ਫੌਜ ਦਾ ਹੈਲੀਕਾਪਟਰ ਰੋਹਤਕ ਪਹੁੰਚਿਆ ਅਤੇ ਹਰਸ਼ ਦੀ ਇਕ ਕਿਡਨੀ ਨੂੰ ਚੰਡੀਗੜ੍ਹ ਦੇ ਕਮਾਂਡ ਹਸਪਤਾਲ 'ਚ ਇਲਾਜ ਅਧੀਨ ਇਕ ਫੌਜੀ ਜਵਾਨ ਲਈ ਏਅਰਲਿਫਟ ਕੀਤਾ ਗਿਆ।
ਹਰਸ਼ ਦਾ ਲਿਵਰ ਦਿੱਲੀ ਦੇ ILBS ਹਸਪਤਾਲ ਪਹੁੰਚਾਉਣ ਲਈ ਪੁਲਸ ਨੇ ਰੋਹਤਕ ਤੋਂ ਦਿੱਲੀ ਤੱਕ 'ਗ੍ਰੀਨ ਕੋਰੀਡੋਰ' ਬਣਾਇਆ ਤਾਂ ਜੋ ਬਿਨਾਂ ਕਿਸੇ ਦੇਰੀ ਦੇ ਮਰੀਜ਼ਾਂ ਤੱਕ ਅੰਗ ਪਹੁੰਚ ਸਕਣ। ਹਰਸ਼ ਦਾ ਲਿਵਰ ਦਿੱਲੀ ਦੇ 2 ਮਰੀਜ਼ਾਂ ਨੂੰ ਮਿਲਿਆ। ਇਕ ਕਿਡਨੀ ਚੰਡੀਗੜ੍ਹ ਗਈ, ਜਦੋਂ ਕਿ ਇਕ ਕਿਡਨੀ ਅਤੇ ਦੋਵੇਂ ਅੱਖਾਂ ਪੀਜੀਆਈ ਰੋਹਤਕ ਦੇ ਹੀ ਮਰੀਜ਼ਾਂ ਨੂੰ ਦਿੱਤੀਆਂ ਗਈਆਂ। ਦੁਖਦਾਈ ਪਹਿਲੂ ਇਹ ਰਿਹਾ ਕਿ ਹਰਸ਼ ਦਾ ਦਿਲ ਚੇਨਈ ਦੇ ਇਕ ਮਰੀਜ਼ ਲਈ ਅਲਾਟ ਹੋਇਆ ਸੀ। ਪਰ ਰੋਹਤਕ ਤੋਂ ਚੇਨਈ ਦੀ 1800 ਕਿਲੋਮੀਟਰ ਦੀ ਦੂਰੀ ਕਾਰਨ ਸਮੇਂ ਸਿਰ ਟੀਮ ਨਹੀਂ ਪਹੁੰਚ ਸਕੀ। ਦਿਲ ਨੂੰ 6 ਘੰਟਿਆਂ ਦੇ ਅੰਦਰ ਟ੍ਰਾਂਸਪਲਾਂਟ ਕਰਨਾ ਲਾਜ਼ਮੀ ਸੀ, ਪਰ ਚੇਨਈ ਦੀ ਟੀਮ ਨੂੰ ਆਉਣ-ਜਾਣ 'ਚ 7 ਘੰਟੇ ਲੱਗ ਰਹੇ ਸਨ, ਜਿਸ ਕਾਰਨ ਦਿਲ ਦੀ ਵਰਤੋਂ ਨਹੀਂ ਹੋ ਸਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
