ਰਾਜਸਥਾਨ ’ਚ ਸਭ ਤੋਂ ਵੱਧ ਯੂਨੀਵਰਸਿਟੀਆਂ, ਉੱਤਰ ਪ੍ਰਦੇਸ਼ ’ਚ ਸਭ ਤੋਂ ਵੱਧ ਕਾਲਜ : ਸਰਵੇਖਣ

Tuesday, Jan 31, 2023 - 01:21 PM (IST)

ਰਾਜਸਥਾਨ ’ਚ ਸਭ ਤੋਂ ਵੱਧ ਯੂਨੀਵਰਸਿਟੀਆਂ, ਉੱਤਰ ਪ੍ਰਦੇਸ਼ ’ਚ ਸਭ ਤੋਂ ਵੱਧ ਕਾਲਜ : ਸਰਵੇਖਣ

ਨਵੀਂ ਦਿੱਲੀ (ਭਾਸ਼ਾ)- ਦੇਸ਼ ’ਚ ਸਭ ਤੋਂ ਵੱਧ ਯੂਨੀਵਰਸਿਟੀਆਂ (92) ਰਾਜਸਥਾਨ ’ਚ ਹਨ ਅਤੇ ਸਭ ਤੋਂ ਵੱਧ ਕਾਲਜ (8,114) ਉੱਤਰ ਪ੍ਰਦੇਸ਼ ਵਿਚ ਹਨ। ਸਿੱਖਿਆ ਮੰਤਰਾਲਾ ਵੱਲੋਂ ਐਤਵਾਰ ਨੂੰ ਜਾਰੀ ਸਰਬ ਭਾਰਤੀ ਉੱਚ ਸਿੱਖਿਆ ਸਰਵੇਖਣ (ਏ. ਆਈ. ਐੱਚ. ਐੱਚ. ਈ.) 2020-21 ਤੋਂ ਇਹ ਜਾਣਕਾਰੀ ਮਿਲੀ ਹੈ। ਮੰਤਰਾਲਾ ਇਸ ਤਰ੍ਹਾਂ ਉੱਚ ਸਿੱਖਿਆ ਦਾ ਸਰਬ ਭਾਰਤੀ ਸਰਵੇਖਣ 2011 ਤੋਂ ਕਰਵਾ ਰਿਹਾ ਹੈ, ਜਿਸ ਦੇ ਘੇਰੇ ’ਚ ਦੇਸ਼ ਦੀਆਂ ਉੱਚ ਸਿੱਖਿਆ ਸੰਸਥਾਵਾਂ ਆਉਂਦੀਆਂ ਹਨ। ਸਰਵੇਖਣ ਮੁਤਾਬਕ ਦੇਸ਼ ਵਿਚ ਰਜਿਸਟਰਡ ਯੂਨੀਵਰਸਿਟੀਆਂ/ਯੂਨੀਵਰਸਿਟੀਆਂ ਵਰਗੀਆਂ ਸੰਸਥਾਵਾਂ ਦੀ ਕੁਲ ਗਿਣਤੀ 1,113 ਅਤੇ ਕਾਲਜਾਂ ਦੀ ਗਿਣਤੀ 43,796 ਹੈ, ਜਦੋਂਕਿ ਸੈਲਫ ਡ੍ਰਾਈਵ ਸੰਸਥਾਵਾਂ ਦੀ ਗਿਣਤੀ 11,296 ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਲ 2019-20 ਦੀ ਤੁਲਨਾ ’ਚ 2020-21 ਦੌਰਾਨ ਯੂਨੀਵਰਸਿਟੀਆਂ ਦੀ ਗਿਣਤੀ ਵਿਚ 70 ਦਾ ਵਾਧਾ ਹੋਇਆ ਹੈ ਅਤੇ ਕਾਲਜਾਂ ਦੀ ਗਿਣਤੀ 1,453 ਵਧੀ ਹੈ। ਦੇਸ਼ ਵਿਚ ਸਭ ਤੋਂ ਵੱਧ ਯੂਨੀਵਰਸਿਟੀਆਂ ਰਾਜਸਥਾਨ (92), ਉੱਤਰ ਪ੍ਰਦੇਸ਼ (84) ਤੇ ਗੁਜਰਾਤ (83) ਵਿਚ ਹਨ।

ਕਾਲਜਾਂ ਦੀ ਗਿਣਤੀ ਦੇ ਮਾਮਲੇ ’ਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਰਾਜਸਥਾਨ, ਤਾਮਿਲਨਾਡੂ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਗੁਜਰਾਤ ਚੋਟੀ ਦੇ 8 ਸੂਬੇ ਹਨ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਕੌਮੀ ਅਹਿਮੀਅਤ ਦੀਆਂ ਸੰਸਥਾਵਾਂ 2014-15 ’ਚ 75 ਦੀ ਤੁਲਨਾ ’ਚ 2020-21 ’ਚ 149 ਹੋ ਗਈਆਂ। ਰਿਪੋਰਟ ਅਨੁਸਾਰ ਉੱਤਰ ਪ੍ਰਦੇਸ਼ ਵਿਚ ਕਾਲਜਾਂ ਦੀ ਗਿਣਤੀ 8,114 ਦਰਜ ਕੀਤੀ ਗਈ ਅਤੇ ਪ੍ਰਤੀ ਇਕ ਲੱਖ ਆਬਾਦੀ ’ਤੇ 32 ਕਾਲਜ ਸਨ। ਇਸੇ ਤਰ੍ਹਾਂ ਕਾਲਜਾਂ ਦੀ ਗਿਣਤੀ ਦੇ ਹਿਸਾਬ ਨਾਲ ਮਹਾਰਾਸ਼ਟਰ ਦਾ ਦੂਜਾ ਸਥਾਨ ਹੈ ਜਿੱਥੇ 4,532 ਕਾਲਜ ਹਨ ਅਤੇ ਪ੍ਰਤੀ ਇਕ ਲੱਖ ਆਬਾਦੀ ’ਤੇ 34 ਕਾਲਜ ਹਨ। ਕਰਨਾਟਕ ’ਚ 3,694 ਕਾਲਜ ਹਨ ਅਤੇ ਪ੍ਰਤੀ ਇਕ ਲੱਖ ਆਬਾਦੀ ’ਤੇ 62 ਕਾਲਜ ਹਨ। ਰਾਜਸਥਾਨ ’ਚ 3,694 ਕਾਲਜ ਹਨ ਅਤੇ ਪ੍ਰਤੀ ਇਕ ਲੱਖ ਆਬਾਦੀ ’ਤੇ 40 ਕਾਲਜ ਹਨ। ਤਾਮਿਲਨਾਡੂ ’ਚ 2,667 ਕਾਲਜ ਹਨ ਅਤੇ ਪ੍ਰਤੀ ਇਕ ਲੱਖ ਆਬਾਦੀ ’ਤੇ 40 ਕਾਲਜ ਹਨ। ਇਸ ਵਿਚ ਦੱਸਿਆ ਗਿਆ ਹੈ ਕਿ 17 ਯੂਨੀਵਰਸਿਟੀਆਂ (ਜਿਨ੍ਹਾਂ ਵਿਚੋਂ 14 ਸੂਬਾ ਸਰਕਾਰਾਂ ਦੇ ਅਧੀਨ ਹਨ) ਅਤੇ 4,375 ਕਾਲਜ ਖਾਸ ਤੌਰ ’ਤੇ ਔਰਤਾਂ ਲਈ ਹਨ। ਸਰਵੇਖਣ ਅਨੁਸਾਰ ਜ਼ਿਆਦਾਤਰ ਕਾਲਜਾਂ ਦੀ ਗਿਣਤੀ ਵਾਲੇ ਚੋਟੀ ਦੇ 8 ਜ਼ਿਲਿਆਂ ਵਿਚ ਬੈਂਗਲੁਰੂ ਸ਼ਹਿਰੀ (1058), ਜੈਪੁਰ (671), ਹੈਦਰਾਬਾਦ (488), ਪੁਣੇ (466), ਪ੍ਰਯਾਗਰਾਜ (374), ਰੰਗਾਰੈੱਡੀ (345), ਭੋਪਾਲ (327) ਤੇ ਨਾਗਪੁਰ (318 ) ਸ਼ਾਮਲ ਹਨ। 

ਇਸ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਕਾਲਜ ਸਿਰਫ ਗ੍ਰੈਜੂਏਟ ਲੈਵਲ ਦੇ ਕੋਰਸ ਚਲਾ ਰਹੇ ਹਨ। ਸਿਰਫ 2.9 ਫੀਸਦੀ ਕਾਲਜ ਹੀ ਪੀਐੱਚ. ਡੀ. ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਹਨ। 55.2 ਫੀਸਦੀ ਕਾਲਜ ਪੋਸਟ ਗ੍ਰੈਜੂਏਟ ਪ੍ਰੋਗਰਾਮ ਚਲਾ ਰਹੇ ਹਨ। ਰਿਪੋਰਟ ਅਨੁਸਾਰ 35.8 ਫੀਸਦੀ ਕਾਲਜ ਸਿਰਫ ਸਿੰਗਲ ਪ੍ਰੋਗਰਾਮ ਚਲਾ ਰਹੇ ਹਨ, ਜਿਨ੍ਹਾਂ ਵਿਚੋਂ 82.2 ਫੀਸਦੀ ਨਿੱਜੀ ਖੇਤਰ ਦੇ ਅਧੀਨ ਹਨ। ਇਨ੍ਹਾਂ ਵਿਚੋਂ 30.9 ਫੀਸਦੀ ਕਾਲਜ ਸਿਰਫ ਬੀਐੱਡ ਕੋਰਸ ਚਲਾ ਰਹੇ ਹਨ। ਜ਼ਿਆਦਾਤਰ ਕਾਲਜਾਂ ’ਚ ਦਾਖਲਾ ਘੱਟ ਹੈ। 23.6 ਫੀਸਦੀ ਕਾਲਜਾਂ ਵਿਚ 100 ਤੋਂ ਘੱਟ ਨਾਮਜ਼ਦਗੀਆਂ ਹਨ ਅਤੇ 48.5 ਫੀਸਦੀ ਕਾਲਜਾਂ ਵਿਚ 100 ਤੋਂ 500 ਦੇ ਵਿਚਕਾਰ ਨਾਮਜ਼ਦਗੀਆਂ ਹਨ।


author

DIsha

Content Editor

Related News