''ਪਿਛਲੇ 6 ਸਾਲਾਂ ''ਚ 600 ਤੋਂ ਜ਼ਿਆਦਾ ਜਵਾਨਾਂ ਨੇ ਕੀਤੀ ਖੁਦਕੁਸ਼ੀ''

Sunday, Mar 25, 2018 - 04:11 AM (IST)

ਨਵੀਂ ਦਿੱਲੀ— ਨਾ ਛੁੱਟੀ ਦਾ ਟਿਕਾਣਾ ਹੈ ਤੇ ਨਾ ਰਹਿਣ ਦਾ। ਕਈ ਸਾਲਾਂ ਤਕ ਆਪਣੇ ਬੱਚਿਆਂ ਨੂੰ ਤਕ ਨਹੀਂ ਮਿਲ ਪਾਉਂਦੇ। ਇਕੱਲੇ ਵੀ ਸਾਡੇ ਜਵਾਨ ਹਰ ਸਮੇਂ ਲੜਨ ਤੇ ਮਰਨ ਲਈ ਤਿਆਰ ਰਹਿੰਦੇ ਹਨ ਪਰ ਇਨ੍ਹਾਂ 'ਚ ਕੁਝ ਅਜਿਹੇ ਹਨ ਜੋ ਜ਼ਿੰਦਗੀ ਸਾਹਮਣੇ ਖਦ ਨੂੰ ਸਮਰਪਿਤ ਕਰ ਆਤਮ ਹੱਤਿਆ ਕਰ ਲੈਂਦੇ ਹਨ। ਇਹ ਕਹਿਣਾ ਹੈ ਗ੍ਰਹਿ ਮੰਤਰਾਲੇ ਦੇ ਸੰਸਦੀ ਕਮੇਟੀ ਸਾਹਮਣੇ ਰੱਖੀ ਰਿਪੋਰਟ ਦਾ।
ਸੂਚਨਾ ਮੁਤਾਬਕ ਪਿਛਲੇ 6 ਸਾਲਾਂ 'ਚ 600 ਤੋਂ ਜ਼ਿਆਦਾ ਜਵਾਨਾਂ ਨੇ ਖੁਦਕੁਸ਼ੀ ਕੀਤੀ, ਜਦਕਿ ਹਰ ਸਾਲ ਕਰੀਬ 10 ਹਜ਼ਾਰ ਜਵਾਨ ਰਿਟਾਇਰ ਹੋਣ ਤੋਂ ਪਹਿਲਾਂ ਹੀ ਆਪਣੀ ਨੌਕਰੀ ਛੱਡ ਕੇ ਜਾ ਰਹੇ ਹਨ। ਕਮੇਟੀ ਨੇ ਗ੍ਰਹਿ ਮੰਤਰਾਲੇ ਤੋਂ ਪੁੱਛਿਆ ਸੀ ਕਿ ਨੀਮ ਫੌਜੀ ਬਲਾਂ ਦੇ ਜਵਾਨ ਇੰਨੀ ਵੱਡੀ ਗਿਣਤੀ 'ਚ ਖੁਦਕੁਸ਼ੀ ਕਿਉਂ ਕਰ ਰਹੇ ਹਨ? ਇਸ ਹਫਤੇ ਬੀਜੇਪੀ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਾਲੀ ਕਮੇਟੀ ਸਾਹਮਣੇ ਪੇਸ਼ ਇਸ ਰਿਪੋਰਟ 'ਚ ਨੀਮ ਫੌਜੀ ਬਲਾਂ ਦੀ ਇਸ ਖਰਾਬ ਹਾਲਤ ਦੀ ਗੱਲ ਸਵੀਕਾਰ ਕੀਤੀ ਗਈ ਪਰ ਭਰੋਸਾ ਦਿੱਤਾ ਕਿ ਸਰਕਾਰ ਇਨ੍ਹਾਂ ਨੂੰ ਬਹਿਤਰ ਵਾਤਾਵਰਣ ਦੇਣ ਲਈ ਕੋਈ ਨਵੀਂ ਪਹਿਲ ਕਰਨ ਦਾ ਪ੍ਰਸਤਾਵ ਕਰ ਰਹੀ ਹੈ। ਨੀਮ ਫੌਜੀ ਬਲ 'ਚ ਬੀ.ਐੱਸ.ਐੱਫ., ਸੀ.ਆਰ.ਪੀ.ਐੱਫ., ਸੀ.ਆਈ.ਐੱਸ.ਐੱਫ. ਤੇ ਆਈ.ਟੀ.ਬੀ  ਦੇ ਜਵਾਨ ਆਉਂਦੇ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸਾਲ ਭਰ ਬਗੈਰ ਛੁੱਟੀ ਦੇ ਇਹ ਜਵਾਨ ਕੰਮ ਕਰਦੇ ਰਹਿੰਦੇ ਹਨ। ਦੱਸਿਆ ਗਿਆ ਹੈ ਕਿ ਸਰਕਾਰ ਨੇ ਛੁੱਟੀ ਲੈਣ ਦੇ ਸਿਸਟਮ ਤੋਂ ਲੈ ਕੇ ਖਾਣੇ ਤਕ ਦੇ ਸਿਸਟਮ 'ਚ ਸੁਵਿਧਾ ਵਧਾਈ ਹੈ ਪਰ ਕਮੇਟੀ ਨੇ ਇਸ ਨੂੰ ਅਢੁੱਕਵਾ ਦੱਸਦੇ ਹੋਏ ਇਸ 'ਚ ਹੋਰ ਵਾਧਾ ਕਰਨ ਨੂੰ ਕਿਹਾ ਹੈ।


Related News