LPG ਦੀ ਕਮੀ ਨਾਲ 40,000 ਤੋਂ ਵੱਧ ਹੋਸਟਲ ਪ੍ਰਭਾਵਿਤ, 35 ਲੱਖ ਵਿਦਿਆਰਥੀਆਂ ’ਤੇ ਸੰਕਟ
Wednesday, Mar 25, 2026 - 11:33 PM (IST)
ਨਵੀਂ ਦਿੱਲੀ- ਦੇਸ਼ ਭਰ ਦੇ ਕਾਲਜ ਅਤੇ ਯੂਨੀਵਰਸਿਟੀ ਕੈਂਪਸ ਅੱਜਕੱਲ ਐੱਲ. ਪੀ. ਜੀ. ਸੰਕਟ ਨਾਲ ਜੂਝ ਰਹੇ ਹਨ, ਜਿਸ ਦਾ ਸਿੱਧਾ ਅਸਰ ਲੱਖਾਂ ਵਿਦਿਆਰਥੀਆਂ ਦੇ ਭੋਜਨ ’ਤੇ ਪੈ ਰਿਹਾ ਹੈ। ਪੱਛਮੀ ਏਸ਼ੀਆ ’ਚ ਵਧਦੇ ਭੂ-ਰਾਜਨੀਤਕ ਤਣਾਅ ਕਾਰਨ ਐੱਲ. ਪੀ. ਜੀ. ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਖਾਸ ਤੌਰ ’ਤੇ ਕਮਰਸ਼ੀਅਲ ਸਿਲੰਡਰਾਂ ਦੀ ਭਾਰੀ ਕਮੀ ਦੇਖੀ ਜਾ ਰਹੀ ਹੈ। ਸਥਿਤੀ ਇਹ ਹੈ ਕਿ ਦੇਸ਼ ਦੇ 40,000 ਤੋਂ ਵੱਧ ਹੋਸਟਲਾਂ ’ਚ ਰਹਿਣ ਵਾਲੇ ਲੱਗਭਗ 35 ਲੱਖ ਵਿਦਿਆਰਥੀਆਂ ਸਾਹਮਣੇ ਭੋਜਨ ਵਿਵਸਥਾ ਬਣਾਈ ਰੱਖਣਾ ਇਕ ਵੱਡੀ ਚੁਣੌਤੀ ਬਣ ਗਿਆ ਹੈ।
ਐੱਲ. ਪੀ. ਜੀ. ਦੀ ਦਰਾਮਦ ਸੰਕਟ ’ਚ
ਮਾਹਰਾਂ ਅਨੁਸਾਰ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧਦੇ ਤਣਾਅ ਕਾਰਨ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੀ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ। ਭਾਰਤ ਦਾ ਲੱਗਭਗ 80 ਫੀਸਦੀ ਐੱਲ. ਪੀ. ਜੀ. ਦਰਾਮਦ ਇਸੇ ਮਾਰਗ ਤੋਂ ਹੁੰਦਾ ਹੈ, ਜਿਸ ਨਾਲ ਦੇਸ਼ ’ਚ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ।
ਆਈ. ਆਈ. ਟੀ. ਅਤੇ ਯੂਨੀਵਰਸਿਟੀਆਂ ਨੇ ਬਦਲਿਆ ਮੈਨਿਊ
ਸਥਿਤੀ ਨਾਲ ਨਜਿੱਠਣ ਲਈ ਆਈ. ਆਈ. ਟੀ. ਅਤੇ ਹੋਰ ਵੱਡੇ ਸੰਸਥਾਨਾਂ ਨੇ ਆਪਣੇ ਮੈੱਸ ਮੈਨਿਊ ’ਚ ਵੱਡੇ ਬਦਲਾਅ ਕੀਤੇ ਹਨ। ਰਿਪੋਰਟ ਮੁਤਾਬਕ ਹੁਣ ਇਕ ਸਮੇਂ ’ਚ ਸਿਰਫ਼ ਇਕ ਸਬਜ਼ੀ ਦਿੱਤੀ ਜਾ ਰਹੀ ਹੈ ਅਤੇ ਨਾਨ-ਵੈੱਜ, ਤਲੇ-ਭੁੰਨੇ ਅਤੇ ਵਿਸ਼ੇਸ਼ ਪਕਵਾਨ ਹਟਾ ਦਿੱਤੇ ਗਏ ਹਨ।
ਕਈ ਥਾਈਂ ਕੈਂਟੀਨਾਂ ਬੰਦ, ਵਿਦਿਆਰਥੀ ਪ੍ਰੇਸ਼ਾਨ
ਕੋਲਕਾਤਾ, ਪੁਣੇ ਅਤੇ ਕੋਟਾ ਵਰਗੇ ਸ਼ਹਿਰਾਂ ’ਚ ਕਈ ਹੋਸਟਲਾਂ ਦੀਆਂ ਕੈਂਟੀਨਾਂ ਆਰਜ਼ੀ ਤੌਰ ’ਞਤੇ ਬੰਦ ਕਰਨੀਆਂ ਪਈਆਂ ਹਨ। ਵਿਦਿਆਰਥੀਆਂ ਨੇ ਪਹਿਲਾਂ ਹੀ ਫੀਸ ਜਮ੍ਹਾ ਕਰ ਰੱਖੀ ਹੈ, ਅਜਿਹੇ ’ਚ ਉਨ੍ਹਾਂ ਨੂੰ ਬਾਹਰੋਂ ਮਹਿੰਗਾ ਖਾਣਾ ਲੈਣਾ ਪੈ ਰਿਹਾ ਹੈ।
ਬਦਲ ਉਪਾਵਾਂ ਦੀ ਭਾਲ
ਸੰਸਥਾਨ ਹੁਣ ਐੱਲ. ਪੀ. ਜੀ. ’ਤੇ ਨਿਰਭਰਤਾ ਘਟਾਉਣ ਲਈ ਬਦਲਵੀਂ ਊਰਜਾ ਸਰੋਤਾਂ ਵੱਲ ਵਧ ਰਹੇ ਹਨ। ਇਨ੍ਹਾਂ ’ਚ ਬਾਇਓਗੈਸ ਪਲਾਂਟ, ਇੰਡਕਸ਼ਨ ਕੁਕਿੰਗ, ਸੋਲਰ ਕੁਕਿੰਗ ਅਤੇ ਪੀ. ਐੱਨ. ਜੀ. (ਪਾਈਪਡ ਗੈਸ) ਸ਼ਾਮਲ ਹਨ।
ਸਰਕਾਰ ਤੇ ਸੰਸਥਾਨਾਂ ਦੀ ਪਹਿਲ
ਸਰਕਾਰ ਨੇ ਸਥਿਤੀ ਨੂੰ ਦੇਖਦੇ ਹੋਏ ਐੱਲ. ਪੀ. ਜੀ. ਉਤਪਾਦਨ ਵਧਾਉਣ ਅਤੇ ਦਰਾਮਦ ਦੇ ਨਵੇਂ ਬਦ ਤਲਾਸ਼ਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਕਈ ਸੂਬਿਆਂ ਨੇ ਹੋਸਟਲਾਂ ਨੂੰ ਤਰਜੀਹ ਦਿੰਦੇ ਹੋਏ ਗੈਸ ਅਲਾਟਮੈਂਟ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉੱਥੇ ਹੀ ਸੰਸਥਾਨ ਵੀ ਗੈਸ ਦੀ ਵਰਤੋਂ ਦੀ ਮਾਨੀਟਰਿੰਗ ਅਤੇ ਸਟਾਕ ਮੈਨੇਜਮੈਂਟ ’ਤੇ ਜ਼ੋਰ ਦੇ ਰਹੇ ਹਨ।
