ਮੋਰਬੀ ਪੁਲ ਹਾਦਸਾ; ਗੁਜਰਾਤ ’ਚ ਅੱਜ ਸੂਬਾ ਵਿਆਪੀ ਸੋਗ, ਅੱਧੇ ਝੁੱਕੇ ਰਹਿਣਗੇ ਝੰਡੇ

Wednesday, Nov 02, 2022 - 10:37 AM (IST)

ਅਹਿਮਦਾਬਾਦ- ਗੁਜਰਾਤ ਦੇ ਮੋਰਬੀ ਪੁਲ ਹਾਦਸੇ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਗੁਜਰਾਤ ’ਚ ਬੁੱਧਵਾਰ ਯਾਨੀ ਕਿ ਅੱਜ ਸੂਬਾ ਵਿਆਪੀ ਸੋਗ ਰਹੇਗਾ। ਇਕ ਅਧਿਕਾਰੀ ਨੇ ਦੱਸਿਆ ਕਿ ਅੱਜ ਝੰਡੇ ਅੱਧੇ ਝੁੱਕੇ ਰਹਿਣਗੇ ਅਤੇ ਕੋਈ ਮਨੋਰੰਜਨ ਪ੍ਰੋਗਰਾਮ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਸੋਮਵਾਰ ਨੂੰ ਹੋਈ ਇਕ ਬੈਠਕ ਵਿਚ ਸੂਬਾ ਵਿਆਪੀ ਸੋਗ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ। ਬੈਠਕ ਐਤਵਾਰ ਸ਼ਾਮ ਪੁਲ ਟੁੱਟਣ ਦੀ ਘਟਨਾ ਮਗਰੋਂ ਸਥਿਤੀ ਦੀ ਸਮੀਖਿਆ ਲਈ ਕੀਤੀ ਗਈ ਸੀ।

ਦੱਸ ਦੇਈਏ ਕਿ ਅੰਗਰੇਜ਼ਾਂ ਦੇ ਸਮੇਂ ਦਾ ਪੁਲ ਟੁੱਟਣ ਕਾਰਨ ਹੁਣ ਤੱਕ 135 ਲੋਕ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਟਵੀਟ ਕੀਤਾ ਕਿ ਬੁੱਧਵਾਰ ਨੂੰ ਕੋਈ ਅਧਿਕਾਰਤ ਪ੍ਰੋਗਰਾਮ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਮੋਰਬੀ ਹਾਦਸੇ ਨਾਲ ਸਬੰਧਤ ਸਾਰੇ ਪਹਿਲੂਆਂ ਦਾ ਪਤਾ ਲਾਉਣ ਲਈ ਮੰਗਲਵਾਰ ਨੂੰ ਵਿਸਥਾਰਪੂਰਵਕ ਜਾਂਚ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਸੀ ਅਤੇ ਮੋਰਬੀ ਦੇ ਸਿਵਲ ਹਸਪਤਾਲ ਜਾ ਕੇ ਜ਼ਖਮੀਆਂ ਦਾ ਹਾਲ ਵੀ ਜਾਣਿਆ। ਪ੍ਰਧਾਨ ਮਤੰਰੀ ਨੇ ਰਾਹਤ ਅਤੇ ਬਚਾਅ ਕੰਮਾਂ ’ਚ ਸ਼ਾਮਲ ਲੋਕਾਂ ਨਾਲ ਗੱਲਬਾਤ ਵੀ ਕੀਤੀ ਸੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਇਕ ਵਿਸਥਾਰਪੂਰਵਕ ਅਤੇ ਵਿਆਪਕ ਪੱਧਰ ਦੀ ਜਾਂਚ ਕੀਤੀ ਜਾਵੇ, ਜਿਸ ਨਾਲ ਇਸ ਹਾਦਸੇ ਨਾਲ ਸਬੰਧਤ ਸਾਰੇ ਪਹਿਲੂ ਸਾਹਮਣੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਇਸ ਜਾਂਚ ਤੋਂ ਮਿਲੇ ਸਬਕ ਨੂੰ ਜਲਦ ਤੋਂ ਜਲਦ ਅਮਲ ’ਚ ਲਿਆਂਦਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਪ੍ਰਭਾਵਿਤ ਪਰਿਵਾਰਾਂ ਦੇ ਸੰਪਰਕ ਵਿਚ ਰਹਿਣਾ ਚਾਹੀਦਾ ਅਤੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਨੂੰ ਹਰ ਸੰਭਵ ਮਦਦ ਮਿਲੇ।


Tanu

Content Editor

Related News