ਚੰਨ ’ਤੇ ਉਤਰਨ ਲਈ ਚੰਦਰਯਾਨ-2 ਤੋਂ ਅੱਜ ਵੱਖ ਹੋਵੇਗਾ ਵਿਕਰਮ ਲੈਂਡਰ

Monday, Sep 02, 2019 - 11:24 AM (IST)

ਚੰਨ ’ਤੇ ਉਤਰਨ ਲਈ ਚੰਦਰਯਾਨ-2 ਤੋਂ ਅੱਜ ਵੱਖ ਹੋਵੇਗਾ ਵਿਕਰਮ ਲੈਂਡਰ

ਨਵੀਂ ਦਿੱਲੀ— ਭਾਰਤ ਦੇ ਮਹੱਤਵਪੂਰਨ ਚੰਦਰ ਮਿਸ਼ਨ ‘ਚੰਦਰਯਾਨ-2’ ਲਈ ਅੱਜ ਦਾ ਦਿਨ ਬੇਹੱਦ ਅਹਿਮ ਹੋਣ ਜਾ ਰਿਹਾ ਹੈ। ‘ਚੰਦਾ ਮਾਮਾ’ ਨਾਲ ਮੁਲਾਕਾਤ ਲਈ ਬੇਕਰਾਰ ਚੰਦਰਯਾਨ-2 ਹੁਣ ਚੰਦਰਮਾ ਦੀ 5ਵੀਂ ਪੰਧ ’ਚ ਪ੍ਰਵੇਸ਼ ਕਰ ਚੁਕਿਆ ਹੈ। ਭਾਰਤੀ ਪੁਲਾੜ ਏਜੰਸੀ (ਇਸਰੋ) ਅਨੁਸਾਰ, ਅੱਜ ਦੁਪਹਿਰ 12.45 ਤੋਂ 1.45 ਵਜੇ ਦਰਮਿਆਨ ਚੰਦਰਯਾਨ-2 ਦੇ ਮਾਡਿਊਲ ਤੋਂ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਵੱਖ ਹੋ ਸਕਦੇ ਹਨ। ਸ਼ਨੀਵਾਰ ਨੂੰ ਇਸਰੋ ਵਿਗਿਆਨੀਆਂ ਦੀ ਉੱਚ ਪੱਧਰੀ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ। ਸਮੀਖਿਆ ਬੈਠਕ ’ਚ ਸ਼ਾਮਲ ਇਕ ਅਧਿਕਾਰੀ ਨੇ ਕਿਹਾ,‘‘ਲੈਂਡਰ ਅਤੇ ਰੋਵਰ ਦੇ ਵੱਖ ਹੋਣ ਦਾ ਸਮਾਂ ਸੋਮਵਾਰ ਨੂੰ ਦੁਪਹਿਰ 1.30 ਵਜੇ ਰੱਖਿਆ ਗਿਆ ਹੈ।’’ ਇਕ ਹੋਰ ਵਿਗਿਆਨੀ ਨੇ ਦੱਸਿਆ ਕਿ ਚੰਦਰਯਾਨ-2 ਦੇ 5ਵੀਂ ਪੰਧ ’ਚ ਪ੍ਰਵੇਸ਼ ਕਰਨ ਤੋਂ ਬਾਅਦ ਲੈਂਡਰ ਅਤੇ ਰੋਵਰ ਨੂੰ ਵੱਖ ਕਰਨ ਦਾ ਫੈਸਲਾ ਲਿਆ ਗਿਆ। ਪੰਧ ਬਦਲਣ ’ਚ ਇਸ ਨੂੰ 52 ਸੈਕਿੰਡ ਦਾ ਸਮਾਂ ਲੱਗਾ। ਇਸ ਪੰਧ ਦੀ ਚੰਨ ਤੋਂ ਘੱਟੋ-ਘੱਟ ਦੂਰੀ ਸਿਰਫ਼ 109 ਕਿਲੋਮੀਟਰ ਹੈ।

ਇਸਰੋ ਦੇ ਚੇਅਰਮੈਨ ਕੇ. ਸੀਵਾਨ ਅਨੁਸਾਰ 2 ਸਤੰਬਰ ਨੂੰ ਹੋਣ ਵਾਲਾ ਲੈਂਡਰ ਸੇਪਰੇਸ਼ਨ ਕਾਫੀ ਤੇਜ਼ ਹੋਵੇਗਾ। ਇਹ ਓਨੀ ਹੀ ਤੇਜ਼ੀ ਨਾਲ ਹੋਵੇਗਾ, ਜਿੰਨੀ ਤੇਜ਼ੀ ਨਾਲ ਕੋਈ ਸੈਟੇਲਾਈਟ ਲਾਂਚ ਵਾਹਨ ਤੋਂ ਵੱਖ ਹੁੰਦਾ ਹੈ। ਇਸ ’ਚ ਕਰੀਬ ਇਕ ਸੈਕਿੰਡ ਲੱਗੇਗਾ। ਇੰਟੀਗ੍ਰੇਟੇਡ ਸਪੇਸ¬ਕ੍ਰਾਫਟ ਨੂੰ ਵੱਖ-ਵੱਖ ਕਰਨ ਲਈ ਜ਼ਰੂਰੀ ਪੰਧ ਸੋਮਵਾਰ ਨੂੰ ਸਥਿਰ ਕਰਨ ਤੋਂ ਬਾਅਦ ਇਸਰੋ ਕਮਾਂਡ ਦੇਵੇਗਾ, ਜੋ ਆਨਬੋਰਡ ਸਿਸਟਮ ਆਪਣੇ ਆਪ ਐਗਜ਼ੀਕਿਊਟ ਕਰੇਗਾ। ਇਸ ਪ੍ਰਕਿਰਿਆ ’ਚ ਉਸੇ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜਿਸ ਦਾ ਪਾਇਲਟ ਲੜਾਕੂ ਜਹਾਜ਼ ’ਚ ਖਰਾਬੀ ਆਉਣ ਤੋਂ ਬਾਅਦ ਆਪਣੀ ਜਾਨ ਬਚਾਉਣ ਦੇ ਇਜੈਕਟ ਹੋਣ ਲਈ ਕਰਦੇ ਹਨ।

ਇਸ ਤਰ੍ਹਾਂ ਵੱਖ ਹੋਵੇਗਾ ਲੈਂਡਰ
ਇਸਰੋ ਦੇ ਇਕ ਵਿਗਿਆਨੀ ਨੇ ਦੱਸਿਆ ਕਿ ਆਰਬਿਟਰ ਦੇ ਉੱਪਰ ਲੱਗੇ ਫਿਊਲ ਦੇ ਐਕਸਟੇਂਸ਼ਨ ’ਚ ਲੈਂਡਰ ਅਤੇ ਰੋਵਰ ਰੱਖੇ ਗਏ ਹਨ, ਜੋ ਕਿ ਕਲੈਂਪ ਅਤੇ ਬੋਲਟ ਨਾਲ ਅਟੈਚ ਹਨ। ਉਨ੍ਹਾਂ ਨੇ ਦੱਸਿਆ ਕਿ ਇਕ ਸਪਰਿੰਗ ਦੇ 2 ਪਾਸੇ ਲੈਂਡਰ ਅਤੇ ਰੋਵਰ ਜੁੜੇ ਹੋਏ ਹਨ। ਜਿਸ ਬੋਲਟ ਤੋਂ ਸਪਰਿੰਗ ਲੱਗਾ ਹੋਇਆ ਹੈ, ਉਸ ਨੂੰ ਕਮਾਂਡ ਰਾਹੀਂ ਕੱਟ ਦਿੱਤਾ ਜਾਵੇਗਾ ਅਤੇ ਲੈਂਡਰ ਵੱਖ ਹੋ ਜਾਵੇਗਾ। ਇਸ ਤੋਂ ਬਾਅਦ ਵਿਕਰਮ ਲੈਂਡਰ ਲਗਾਤਾਰ ਹੇਠਾਂ ਚੰਦਰਮਾ ਦੀ ਸਤਿਹ ਵੱਲ ਵਧਦਾ ਜਾਵੇਗਾ। ਸੀਵਾਨ ਨੇ ਕਿਹਾ ਕਿ ਆਰਬਿਟਰ ਅਤੇ ਲੈਂਡਰ ਦਾ ਇਹ ਵੱਖ ਹੋਣਾ ਕੁਝ ਇਸ ਤਰ੍ਹਾਂ ਨਾਲ ਹੋਵੇਗਾ ਜਿਵੇਂ ਲਾੜੀ ਆਪਣੇ ਪਿਤਾ ਦੇ ਘਰੋਂ ਸਹੁਰੇ ਲਈ ਰਵਾਨਾ ਹੁੰਦੀ ਹੈ। ਸੋਮਵਾਰ ਦੇ ਬਾਅਦ ਤੋਂ ਸਾਡਾ ਪੂਰਾ ਫੋਕਸ ਵਿਕਰਮ ’ਤੇ ਹੋਵੇਗਾ। ਹਾਲਾਂਕਿ ਇਕ ਹੋਰ ਟੀਮ ਆਰਬਿਟਰ ’ਤੇ ਨਜ਼ਰ ਰੱਖੇਗੀ। ਉਨ੍ਹਾਂ ਨੇ ਦੱਸਿਆ ਕਿ 7 ਸਤੰਬਰ ਨੂੰ ਵਿਕਰਮ ਦੀ ਚੰਨ ਦੀ ਸਤਿਹ ’ਤੇ ਦੁਪਹਿਰ 1.55 ਵਜੇ ਸਾਫ਼ਟ ਲੈਂਡਿੰਗ ਕਰਵਾਈ ਜਾਵੇਗੀ। ਦੱਸਣਯੋਗ ਹੈ ਕਿ ਚੰਦਰਯਾਨ-2 ਲਗਾਤਾਰ ਚੰਦਰਮਾ ਦੀ ਅਦਭੁੱਤ ਤਸਵੀਰਾਂ ਭੇਜ ਰਿਹਾ ਹੈ। 2 ਸਤੰਬਰ ਨੂੰ ਲੈਂਡਰ ਵਿਕਰਮ ਕੰਪੋਜਿਟ ਸਰੀਰ ਤੋਂ ਵੱਖ ਹੋਵੇਗਾ। 

ਸਾਫਟ ਲੈਂਡਿੰਗ
ਇਸਰੋ ਨੇ ਕਿਹਾ,‘‘ਪੁਲਾੜ ਯਾਨ ਦੇ ਸਾਰੇ ਮਾਨਕ ਆਮ ਤਰੀਕੇ ਨਾਲ ਕੰਮ ਕਰ ਰਹੇ ਹਨ।’’ 7 ਸਤੰਬਰ ਨੂੰ ਲੈਂਡਰ ਚੰਦਰਮਾ ਦੀ ਸਤਿਹ ’ਤੇ ਸਾਫ਼ਟ ਲੈਂਡਿੰਗ ਕਰੇਗਾ ਅਤੇ ਇਸ ਦੇ 4 ਘੰਟੇ ਬਾਅਦ ਰੋਵਰ ਪ੍ਰਗਿਆਨ ਬਾਹਰ ਆਏਗਾ ਜੋ ਕਿ ਚੰਦਰਮਾ ਦੀ ਸਤਿਹ ’ਤੇ 14 ਦਿਨਾਂ ’ਚ ਕੁੱਲ 500 ਮੀਟਰ ਦੀ ਦੂਰੀ ਤੈਅ ਕਰੇਗਾ। ਚੰਦਰਮਾ ਦੇ ਹਿਸਾਬ ਨਾਲ ਇਹ ਇਕ ਦਿਨ ਹੋਵੇਗਾ, ਕਿਉਂਕਿ ਲੂਨਰ ਡੇਅ ਧਰਤੀ ’ਤੇ 14 ਦਿਨਾਂ ਦੇ ਬਰਾਬਰ ਹੁੰਦਾ ਹੈ। ਲੈਂਡਰ ਚੰਦਰਮਾ ਦੇ ਦੱਖਣੀ ਧਰੁਵ ’ਤੇ ਲੈਂਡ ਕਰੇਗਾ। ਸਾਫ਼ਟ ਲੈਂਡਿੰਗ ਤੋਂ ਬਾਅਦ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਭਾਰਤ ਦਾ ਨਾਂ ਵੀ ਇਸ ਉਪਲੱਬਧੀ ’ਚ ਸ਼ਾਮਲ ਹੋ ਜਾਵੇਗਾ। ਚੰਦਰਯਾਨ-2 ਨੂੰ 22 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਤੋਂ ਲਾਂਚ ਕੀਤਾ ਗਿਆ ਸੀ।


author

DIsha

Content Editor

Related News