ਮਾਨਸੂਨ ਦੀ ਸੁਸਤ ਚਾਲ ਨੇ ਤੋੜਿਆ 12 ਸਾਲ ਦਾ ਰਿਕਾਰਡ, ਬਾਰਸ਼ ''ਚ 44 ਫੀਸਦੀ ਕਮੀ
Wednesday, Jun 19, 2019 - 12:58 PM (IST)

ਨਵੀਂ ਦਿੱਲੀ— ਮਾਨਸੂਨ ਇਸ ਵਾਰ ਪਹਿਲਾਂ ਹੀ ਇਕ ਹਫ਼ਤੇ ਦੀ ਦੇਰੀ ਨਾਲ ਆ ਰਿਹਾ ਸੀ, ਉਸ ਨੂੰ ਗੁਜਰਾਤ ਵੱਲ ਆਏ ਚੱਕਰਵਾਤੀ ਤੂਫਾਨ 'ਵਾਯੂ' ਨੇ ਹੋਰ ਹੌਲੀ ਕਰ ਦਿੱਤਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ 12 ਸਾਲ ਬਾਅਦ ਪਹਿਲੀ ਵਾਰ ਮਾਨਸੂਨ ਐਕਸਪ੍ਰੈੱਸ ਇੰਨੀ ਸੁਸਤ ਚਾਲ ਨਾਲ ਚੱਲ ਰਿਹਾ ਹੈ। 18 ਤੋਂ 19 ਜੂਨ ਤੱਕ ਮਾਨਸੂਨ ਦੇਸ਼ ਦੇ 2 ਤਿਹਾਈ ਹਿੱਸੇ ਤੱਕ ਪਹੁੰਚ ਜਾਂਦਾ ਸੀ ਪਰ ਇਸ ਵਾਰ ਉਸ ਨੇ ਸਿਰਫ 10 ਤੋਂ 15 ਫੀਸਦੀ ਇਲਾਕਿਆਂ ਨੂੰ ਹੀ ਕਵਰ ਕੀਤਾ ਹੈ। ਮੌਸਮ ਵਿਭਾਗ ਅਨੁਸਾਰ 19 ਜੂਨ ਤੱਕ 82.4 ਫੀਸਦੀ ਬਾਰਸ਼ ਹੋਣੀ ਚਾਹੀਦੀ ਸੀ ਪਰ ਇਸ 'ਚ ਹਾਲੇ 44 ਫੀਸਦੀ ਦੀ ਕਮੀ ਹੈ। ਮਾਨਸੂਨ ਦੀ ਇਸ ਹੌਲੀ ਗਤੀ ਨਾਲ ਕਿਸਾਨ ਸਭ ਤੋਂ ਵਧ ਪਰੇਸ਼ਾਨ ਹਨ, ਕਿਉਂਕਿ ਲੇਟ ਆਉਣ ਵਾਲੇ ਮਾਨਸੂਨ ਨਾਲ ਸਾਉਣੀ ਦੀ ਫਸਲ ਪ੍ਰਭਾਵਿਤ ਹੋ ਸਕਦੀ ਹੈ। ਮਾਨਸੂਨ ਦੀ ਬਾਰਸ਼ 'ਚ ਕਮੀ ਆਉਣ ਨਾਲ ਅੰਨਦਾਤਾ ਪਰੇਸ਼ਾਨ ਹੋ ਗਏ ਹਨ। ਇਸ ਵਾਰ ਤਾਂ ਪ੍ਰੀ-ਮਾਨਸੂਨ ਬਾਰਸ਼ ਵੀ ਨਹੀਂ ਹੋਈ। ਇਸ ਕਾਰਨ ਦਾਲਾਂ ਦੀ ਫ਼ਸਲ 'ਤੇ ਬੁਰਾ ਅਸਰ ਪੈ ਸਕਦਾ ਹੈ।
ਮਾਨਸੂਨ ਦੇ ਅੱਗੇ ਵਧਣ ਦੀ ਗਤੀ ਹੌਲੀ
2007 ਤੋਂ ਲੈ ਕੇ 2019 ਤੱਕ ਦੇ ਮਾਨਸੂਨ ਸੀਜਨ 'ਚ ਇਹ ਪਹਿਲੀ ਵਾਰ ਹੈ, ਜਦੋਂ 19 ਜੂਨ ਤੱਕ ਮਾਨਸੂਨ ਦੇ ਅੱਗੇ ਵਧਣ ਦੀ ਗਤੀ ਇੰਨੀ ਹੌਲੀ ਹੈ, ਜਦੋਂ ਕਿ 2013 'ਚ ਇਸ ਦੀ ਗਤੀ ਸਭ ਤੋਂ ਤੇਜ਼ ਸੀ। ਜਦੋਂ 16 ਜੂਨ ਤੱਕ ਮਾਨਸੂਨ ਨੇ ਪੂਰੇ ਦੇਸ਼ ਨੂੰ ਕਵਰ ਕਰ ਲਿਆ ਸੀ। ਜਦੋਂ ਕਿ ਇਸ ਵਾਰ ਮਾਨਸੂਨ ਹੁਣ ਤੱਕ ਸਿਰਫ਼ 10 ਤੋਂ 15 ਫੀਸਦੀ ਇਲਾਕੇ ਨੂੰ ਹੀ ਕਵਰ ਕਰ ਸਕਿਆ ਹੈ।
ਇਨ੍ਹਾਂ ਰਾਜਾਂ 'ਚ ਕਦੋਂ ਪਹੁੰਚੇਗਾ ਮਾਨਸੂਨ
20 ਤੋਂ 24 ਜੂਨ : ਪੂਰਾ ਤਾਮਿਲਨਾਡੂ ਅਤੇ ਉੱਤਰ-ਪੂਰਬੀ ਰਾਜ, ਦੱਖਣ ਕਰਨਾਟਕ, ਦੱਖਣ ਕੋਂਕਣ, ਗੋਆ, ਬੰਗਾਲ, ਸਿੱਕਮ ਅਤੇ ਓਡੀਸ਼ਾ।
25 ਜੂਨ ਤੱਕ : ਪੂਰਾ ਦੱਖਣ ਭਾਰਤ ਅਤੇ ਮਹਾਰਾਸ਼ਟਰ, ਮੱਧ ਭਾਰਤ ਦੇ ਕੁਝ ਹਿੱਸੇ।ਜੂਨ ਅੰਤ ਤੱਕ : ਪੂਰਾ ਮੱਧ ਭਾਰਤ
1 ਤੋਂ 7 ਜੁਲਾਈ : ਉੱਤਰ ਭਾਰਤ 'ਚ ਪੂਰਬੀ ਉੱਤਰ ਪ੍ਰਦੇਸ਼ ਦੇ ਰਸਤੇ ਪ੍ਰਵੇਸ਼
ਦੇਸ਼ 'ਚ ਪਾਣੀ ਦੀ ਕਮੀ
ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਪੱਛਮੀ ਤੱਟ ਮਹਾਰਾਸ਼ਟਰ ਤੋਂ ਲੈਕੇ ਗੁਜਰਾਤ ਤੱਕ ਚੱਕਰਵਾਤ ਕਾਰਨ ਬਾਰਸ਼ ਹੋ ਰਹੀ ਸੀ। ਮਾਨਸੂਨ ਕਾਰਨ ਸਿਰਫ਼ ਤੱਟੀਏ ਕਰਨਾਟਕ ਅਤੇ ਕੇਰਲ 'ਚ ਹੀ ਬਾਰਸ਼ ਹੋ ਰਹੀ ਹੈ। ਕੇਰਲ 'ਚ 8 ਜੂਨ ਨੂੰ ਮਾਨਸੂਨ ਆਇਆ ਸੀ, ਜਦੋ ਆਪਣੇ ਤੈਅ ਸਮੇਂ ਤੋਂ 7 ਦਿਨ ਦੀ ਦੇਰੀ ਨਾਲ ਪਹੁੰਚਿਆ ਸੀ। ਦੂਜੇ ਪਾਸੇ ਦੇਸ਼ 'ਚ ਪਾਣੀ ਦੀ ਵੀ ਕਮੀ ਹੈ। ਦੇਸ਼ ਦੇ 91 ਜਲ ਸਰੋਤਾਂ 'ਚ ਮਈ ਮਹੀਨੇ ਦੀ ਆਖਰੀ ਤਾਰੀਕ ਤੱਕ ਸਿਰਫ 20 ਫੀਸਦੀ ਪਾਣੀ ਹੀ ਬਚਿਆ ਹੈ। ਇਹ ਪਿਛਲੇ ਦਹਾਕੇ 'ਚ ਸਭ ਤੋਂ ਘੱਟ ਪੱਧਰ 'ਤੇ ਦਰਜ ਕੀਤੀ ਗਈ ਹੈ।
ਇਹ ਰਾਜ ਸੋਕੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ
ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਕਰਨਾਟਕ, ਗੁਜਰਾਤ ਅਤੇ ਰਾਜਸਥਾਨ ਸੋਕੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਅਸਾਧਾਰਣ ਰੂਪ ਨਾਲ ਸੋਕੇ ਵਾਲੀ ਕੈਟੇਗਰੀ 'ਚ ਬੀਤੇ ਸਾਲ ਦੇ 0.68 ਫੀਸਦੀ ਦੇ ਮੁਕਾਬਲੇ ਇਸ ਸਾਲ 5.66 ਫੀਸਦੀ ਦਾ ਵਾਧਾ ਹੋਇਆ ਹੈ। ਹੁਣ ਤੱਕ ਸਾਰਿਆਂ ਦੀ ਨਜ਼ਰਾਂ ਮਾਨਸੂਨ ਦੀ ਬਾਰਸ਼ 'ਤੇ ਹਨ। ਭਾਰਤੀ ਮੌਸਮ ਵਿਭਾਗ ਨੇ ਆਪਣੇ ਦੂਜੇ ਅਨੁਮਾਨ 'ਚ ਦਾਅਵਾ ਕੀਤਾ ਹੈ ਕਿ ਇਹ ਇਕ ਆਮ ਮਾਨਸੂਨ ਹੋਵੇਗਾ ਪਰ ਉੱਤਰ-ਪੱਛਮ ਭਾਰਤ ਅਤੇ ਪੂਰਬ-ਉੱਤਰ ਭਾਰਤ 'ਚ ਆਮ ਨਾਲੋਂ ਘੱਟ ਬਾਰਸ਼ ਹੋਣ ਦੀ ਸੰਭਾਵਨਾ ਹੈ।