ਮਾਨਸੂਨ ਨੇ ਫੜੀ ਰਫ਼ਤਾਰ, ਸਾਉਣੀ ਫਸਲਾਂ ਦੀ ਬਿਜਾਈ ਵਧੀ, ਘਟੇਗੀ ਮਹਿੰਗਾਈ
Thursday, Jul 03, 2025 - 12:46 PM (IST)

ਨੈਸ਼ਨਲ ਡੈਸਕ : ਦੇਸ਼ ਭਰ 'ਚ ਮਾਨਸੂਨ ਨੇ ਸਮੇਂ ਸਿਰ ਆ ਕੇ ਰਫ਼ਤਾਰ ਫੜੀ ਹੈ। 30 ਜੂਨ ਤੱਕ ਭਾਰਤ 'ਚ ਆਮ ਤੌਰ 'ਤੇ ਹੋਣ ਵਾਲੀ ਲੰਬੀ ਮਿਆਦ ਦੀ ਔਸਤ ਨਾਲੋਂ 9% ਵੱਧ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਮੱਧ ਭਾਰਤ ਵਿਚ 25% ਅਤੇ ਉੱਤਰ-ਪੱਛਮੀ ਭਾਰਤ ਵਿਚ 42% ਵੱਧ ਮੀਂਹ ਹੋਇਆ ਹੈ। ਇਸ ਨਾਲ ਸਾਉਣੀ ਫਸਲਾਂ ਦੀ ਬਿਜਾਈ ਪਿਛਲੇ ਸਾਲ ਨਾਲੋਂ 47% ਵਧ ਗਈ ਹੈ। ਝੋਨਾ, ਦਾਲਾਂ, ਮੋਟੇ ਅਨਾਜ ਅਤੇ ਗੰਨੇ ਦੇ ਖੇਤਰ 'ਚ ਵਾਧਾ ਹੋਇਆ ਹੈ। ਕਪਾਹ ਦੀ ਬਿਜਾਈ 'ਚ 9% ਘਟੀ ਹੈ।ਵਧੀਕ ਮੀਂਹ ਕਾਰਨ ਡੈਮਾਂ 'ਚ ਪਾਣੀ ਵੀ ਪਿਛਲੇ ਸਾਲ ਨਾਲੋਂ 16% ਵੱਧ ਭਰਿਆ ਹੋਇਆ ਹੈ, ਜਿਸ ਨਾਲ ਖੇਤੀ ਅਤੇ ਪੀਣ ਵਾਲੇ ਪਾਣੀ ਦੀ ਉਪਲਬਧਤਾ ਵੀ ਸੁਧਰੀ ਹੈ। ਇਹ ਹਾਲਾਤ ਮੰਹਗਾਈ 'ਚ ਕਮੀ ਲਿਆਉਣਗੇ। 2023 ਵਿੱਚ ਮਾਨਸੂਨ ਦੇਰੀ ਨਾਲ ਆਇਆ ਸੀ, ਜਿਸ ਕਰਕੇ ਰੀਟੇਲ ਮਹਿੰਗਾਈ 10.87% 'ਤੇ ਪਹੁੰਚ ਗਈ ਸੀ। ਪਰ ਇਸ ਵਾਰ ਮੀਂਹ ਵਧੀਆ ਹੋਣ ਕਰਕੇ ਆਨਾਜ, ਦਾਲਾਂ ਅਤੇ ਸਬਜ਼ੀਆਂ ਦੀ ਉਪਲਬਧਤਾ ਵੱਧੇਗੀ ਅਤੇ ਕੀਮਤਾਂ 'ਚ ਥਿਰਤਾ ਆਵੇਗੀ।
ਇਸਦਾ ਫਾਇਦਾ ਸਿੱਧਾ ਕਿਸਾਨਾਂ ਦੀ ਆਮਦਨ ਨੂੰ ਹੋਵੇਗਾ, ਜੋ ਛੋਟੇ ਅਤੇ ਮੱਧਮ ਸ਼ਹਿਰਾਂ ਵਿੱਚ ਖਪਤ ਵਧਾਉਣਗੇ। ਇਸ ਨਾਲ ਸੇਵਾ ਖੇਤਰ ਨੂੰ ਵੀ ਰੋਜ਼ਗਾਰ ਅਤੇ ਵਿਕਾਸ ਦੇ ਨਵੇਂ ਮੌਕੇ ਮਿਲਣਗੇ। ਮੌਸਮ ਦੇ ਹਾਲਾਤਾਂ ਤੇ ਆਧਾਰਤ ਪਿਛਲੇ ਰੁਝਾਨ ਦੱਸਦੇ ਹਨ ਕਿ ਜਦ ਮਾਨਸੂਨ ਵਧੀਆ ਹੁੰਦਾ ਹੈ, ਤਾਂ ਸ਼ੇਅਰ ਬਾਜ਼ਾਰ 'ਚ ਵੀ ਤੇਜ਼ੀ ਆਉਂਦੀ ਹੈ। 2020 ਅਤੇ 2022 ਵਿੱਚ ਇਹ ਵਾਧਾ 14% ਤੋਂ 16% ਤੱਕ ਰਿਹਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਮੌਸਮੀ ਹਾਲਾਤਾਂ ਦੇ ਅਧਾਰ 'ਤੇ ਖਪਤ, ਖੇਤੀ ਤੇ ਆਰਥਿਕਤਾ ਤਿੰਨਿਆਂ ਖੇਤਰਾਂ ਵਿੱਚ ਵਾਧਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8