ਦੇਸ਼ ''ਚ ਮੌਸਮ ਦਾ ਬਦਲਿਆ ਮਿਜਾਜ਼, 9 ਦਿਨ ਪਹਿਲਾਂ ਪਹੁੰਚਿਆ ਮਾਨਸੂਨ
Sunday, Jun 29, 2025 - 03:47 PM (IST)

ਨਵੀਂ ਦਿੱਲੀ- ਦਿੱਲੀ ਵਿਚ ਮਾਨਸੂਨ ਆਮ ਤਾਰੀਖ਼ 27 ਜੂਨ ਦੇ ਦੋ ਦਿਨ ਬਾਅਦ ਪਹੁੰਚ ਗਿਆ ਅਤੇ ਦੇਸ਼ ਦੇ ਬਾਕੀ ਹਿੱਸਿਆਂ 'ਚ ਇਹ 8 ਜੁਲਾਈ ਤੋਂ 9 ਦਿਨ ਪਹਿਲਾਂ ਫੈਲ ਚੁੱਕਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। IMD ਦੇ ਅੰਕੜਿਆਂ ਮੁਤਾਬਕ 2020 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮਾਨਸੂਨ ਪੂਰੇ ਦੇਸ਼ ਵਿਚ ਇੰਨੀ ਜਲਦੀ ਫੈਲ ਚੁੱਕਾ ਹੈ। ਆਮ ਤੌਰ 'ਤੇ ਮਾਨਸੂਨ 1 ਜੂਨ ਨੂੰ ਕੇਰਲ ਪਹੁੰਚਦਾ ਹੈ ਅਤੇ 8 ਜੁਲਾਈ ਤੱਕ ਪੂਰੇ ਦੇਸ਼ ਤੱਕ ਫੈਲ ਜਾਂਦਾ ਹੈ। ਇਸ ਦੀ ਵਾਪਸੀ ਉੱਤਰੀ-ਪੱਛਮੀ ਭਾਰਤ ਤੋਂ ਲੱਗਭਗ 17 ਸਤੰਬਰ ਤੋਂ ਸ਼ੁਰੂ ਹੁੰਦੀ ਅਤੇ 15 ਅਕਤੂਬਰ ਤੱਕ ਇਹ ਪੂਰੀ ਹੋ ਜਾਂਦੀ ਹੈ।
ਇਸ ਸਾਲ ਮਾਨਸੂਨ 24 ਮਈ ਨੂੰ ਕੇਰਲ ਪਹੁੰਚਿਆ, ਜੋ ਭਾਰਤੀ ਉੱਪ ਮਹਾਦੀਪ ਵਿਚ ਇਸ ਦਾ 2009 ਮਗਰੋਂ ਸਭ ਤੋਂ ਪਹਿਲਾ ਆਗਮਨ ਹੈ। ਸਾਲ 2009 ਵਿਚ ਮਾਨਸੂਨ 23 ਮਈ ਨੂੰ ਕੇਰਲ ਪਹੁੰਚਿਆ। ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਉੱਤੇ ਬਣੇ ਘੱਟ ਦਬਾਅ ਪ੍ਰਣਾਲੀਆਂ ਦੇ ਕਾਰਨ ਅਗਲੇ ਕੁਝ ਦਿਨਾਂ ਵਿਚ ਮਾਨਸੂਨ ਤੇਜ਼ੀ ਨਾਲ ਅੱਗੇ ਵਧਿਆ ਅਤੇ 29 ਮਈ ਤੱਕ ਮੁੰਬਈ ਸਮੇਤ ਮੱਧ ਮਹਾਰਾਸ਼ਟਰ ਅਤੇ ਉੱਤਰ-ਪੂਰਬੀ ਭਾਰਤ 'ਚ ਪਹੁੰਚ ਗਿਆ।
ਹਾਲਾਂਕਿ ਇਸ ਤੋਂ ਬਾਅਦ ਮਾਨਸੂਨ ਦੇ ਅੱਗੇ ਵਧਣ ਦੀ ਰਫ਼ਤਾਰ ਲੱਗਭਗ 18 ਦਿਨਾਂ ਤੱਕ (29 ਮਈ ਤੋਂ 16 ਜੂਨ ਤੱਕ) ਸਥਿਰ ਰਹੀ। ਬਾਅਦ ਦੇ ਦਿਨਾਂ ਵਿਚ ਮਾਨਸੂਨ ਹੌਲੀ-ਹੌਲੀ ਦੇਸ਼ ਦੇ ਬਾਕੀ ਹਿੱਸਿਆਂ ਵਿਚ ਪਹੁੰਚਿਆ, ਪਰ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਇਸਦਾ ਆਗਮਨ ਦੇਰੀ ਨਾਲ ਹੋਇਆ। ਇਹ ਖੇਤਰਵਿੱਚ ਸਰਗਰਮ ਐਂਟੀਸਾਈਕਲੋਨਿਕ ਹਵਾਵਾਂ ਦੇ ਕਾਰਨ ਹੋਇਆ, ਜਿਸ ਨੇ ਮਾਨਸੂਨ ਧਾਰਾਵਾਂ ਦੇ ਪ੍ਰਵਾਹ ਨੂੰ ਰੋਕਿਆ।