RSS ਮੁਖੀ ਮੋਹਨ ਭਾਗਵਤ ਦਾ ਅੱਜ ਹੈ 76ਵਾਂ ਜਨਮਦਿਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤੀਆਂ ਵਧਾਈਆਂ
Friday, Sep 11, 2026 - 05:18 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੂੰ ਉਨ੍ਹਾਂ ਦੇ 76ਵੇਂ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਅਮਿਤ ਸ਼ਾਹ ਨੇ ਕਿਹਾ ਕਿ ਇੱਕ ਸੰਘ ਪ੍ਰਚਾਰਕ ਤੋਂ ਲੈ ਕੇ ਸੰਘ ਦੇ ਮੁਖੀ ਤੱਕ ਦਾ ਉਨ੍ਹਾਂ ਦਾ ਸਫ਼ਰ ਦੇਸ਼ ਸੇਵਾ, ਸਮਾਜਿਕ ਭਾਈਚਾਰੇ ਅਤੇ ਭਾਰਤੀ ਸੰਸਕ੍ਰਿਤੀ ਦੀ ਸੰਭਾਲ ਲਈ ਸਮਰਪਣ ਦੀ ਇੱਕ ਅਨੋਖੀ ਮਿਸਾਲ ਹੈ।
ਅਮਿਤ ਸ਼ਾਹ ਨੇ 'X' 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਪ੍ਰਚਾਰਕ ਵਜੋਂ ਭਾਗਵਤ ਨੇ ਦੇਸ਼ ਦੇ ਕੋਨੇ-ਕੋਨੇ 'ਚ ਜਾ ਕੇ ਸਮਾਜ ਨੂੰ ਨੇੜਿਓਂ ਸਮਝਿਆ ਹੈ। ਸੰਘ ਮੁਖੀ ਵਜੋਂ ਉਹ ਸੇਵਾ, ਸੰਸਕਾਰ ਅਤੇ ਚਰਿੱਤਰ ਨਿਰਮਾਣ ਦੇ ਕਾਰਜਾਂ ਰਾਹੀਂ ਸਮਾਜ 'ਚ 'ਦੇਸ਼ ਪਹਿਲਾਂ' ਦੀ ਭਾਵਨਾ ਨੂੰ ਮਜ਼ਬੂਤ ਕਰ ਰਹੇ ਹਨ। ਗ੍ਰਹਿ ਮੰਤਰੀ ਨੇ ਪਰਮਾਤਮਾ ਅੱਗੇ RSS ਮੁਖੀ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ।

ਇਹ ਵੀ ਪੜ੍ਹੋ- ਅਮਰੀਕਾ ਨਾਲ ਜੰਗ ਵਿਚਾਲੇ ਇਰਾਨੀ ਰਾਸ਼ਟਰਪਤੀ ਪਹੁੰਚੇ ਭਾਰਤ ! BRICS 'ਚ ਲੈਣਗੇ ਹਿੱਸਾ
ਜ਼ਿਕਰਯੋਗ ਹੈ ਕਿ ਮੋਹਨ ਭਾਗਵਤ ਦਾ ਜਨਮ 11 ਸਤੰਬਰ 1950 ਨੂੰ ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਵਿੱਚ ਹੋਇਆ ਸੀ। ਉਨ੍ਹਾਂ ਨੇ ਵੈਟਰੀਨਰੀ ਸਾਇੰਸ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਦੇ ਪਿਤਾ ਮਧੁਕਰਰਾਓ ਭਾਗਵਤ ਵੀ ਆਰ.ਐੱਸ.ਐੱਸ. ਦੇ ਪ੍ਰਚਾਰਕ ਸਨ। ਭਾਗਵਤ ਨੇ ਲਗਭਗ 50 ਸਾਲ ਪਹਿਲਾਂ RSS ਦੇ ਪ੍ਰਚਾਰਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ, ਜਿਸ ਮਗਰੋਂ ਉਹ ਮਾਰਚ 2009 'ਚ ਆਰ.ਐੱਸ.ਐੱਸ. ਦੇ ਮੁਖੀ ਬਣੇ ਸਨ।
ਇਸ ਤੋਂ ਪਹਿਲਾਂ ਉਹ ਸੰਘ ਦੇ ਜਨਰਲ ਸੈਕਟਰੀ ਅਤੇ ਅਖਿਲ ਭਾਰਤੀ ਫਿਜ਼ੀਕਲ ਟ੍ਰੇਨਿੰਗ ਸਣੇ ਕਈ ਮਹੱਤਵਪੂਰਨ ਅਹੁਦਿਆਂ 'ਤੇ ਸੇਵਾਵਾਂ ਨਿਭਾ ਚੁੱਕੇ ਹਨ। ਮਧੁਕਰ ਦੱਤਾਤ੍ਰੇਯ ਦੇਵਰਸ ਅਤੇ ਐੱਮ. ਐੱਸ. ਗੋਲਵਲਕਰ ਤੋਂ ਬਾਅਦ ਮੋਹਨ ਭਾਗਵਤ ਆਰ.ਐੱਸ.ਐੱਸ. ਦੇ ਤੀਜੇ ਸਭ ਤੋਂ ਲੰਬੇ ਸਮੇਂ ਤੱਕ ਅਹੁਦੇ 'ਤੇ ਰਹਿਣ ਵਾਲੇ ਮੁਖੀ ਹਨ।
ਇਹ ਵੀ ਪੜ੍ਹੋ- 13 ਸਾਲਾਂ ਤੋਂ ਫਰਾਰ ਚੱਲ ਰਹੇ ਹਰਨੇਕ ਸਿੰਘ ਨੂੰ US ਤੋਂ ਕਰਵਾਇਆ ਗਿਆ ਡਿਪੋਰਟ ! ਦਿੱਲੀ ਉਤਰਦਿਆਂ ਹੀ CBI ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
