ਗੋਰਖਪੁਰ ਵਾਸੀਆਂ ਨੂੰ ਮੋਦੀ ਦੀ ਸੌਗਾਤ, ਏਮਜ਼ ਅਤੇ ਖਾਦ ਕਾਰਖ਼ਾਨੇ ਦਾ ਕੀਤਾ ਉਦਘਾਟਨ
Tuesday, Dec 07, 2021 - 02:47 PM (IST)
ਗੋਰਖਪੁਰ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਾਸੀਆਂ ਨੂੰ ਸੌਗਾਤ ਦਿੱਤੀ ਹੈ। ਉਨ੍ਹਾਂ ਗੋਰਖਪੁਰ ’ਚ ਹਿੰਦੁਸਤਾਨ ਖਾਦ ਅਤੇ ਰਸਾਇਣ ਲਿਮਟਿਡ ਦੇ ਖਾਦ ਕਾਰਖ਼ਾਨੇ, ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਅਤੇ ਭਾਰਤੀ ਮੈਡੀਕਲ ਖੋਜ ਪਰੀਸ਼ਦ ਸਮੇਤ ਕੁੱਲ 9600 ਕਰੋੜ ਰੁਪਏ ਤੋਂ ਵੱਧ ਦੇ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ, ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ, ਕੇਂਦਰੀ ਮੰਤਰੀ ਅਨੁਪਿ੍ਰਆ ਪਟੇਲ, ਕੇਂਦਰ ਅਤੇ ਸੂਬਾ ਸਰਕਾਰ ਦੇ ਵੱਖ-ਵੱਖ ਮੰਤਰੀਆਂ ਅਤੇ ਆਲਾ ਅਧਿਕਾਰੀ ਵੀ ਹਾਜ਼ਰ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਲੱਗਭਗ 598 ਏਕੜ ਖੇਤਰਫ਼ਲ ਵਿਚ ਸਥਾਪਤ ਖਾਦ ਕਾਰਖ਼ਾਨੇ ਦਾ ਉਦਘਾਟਨ ਕੀਤਾ। ਮੋਦੀ ਵਲੋਂ ਰਿਮੋਟ ਕੰਟਰੋਲ ਨਾਲ ਕਾਰਖ਼ਾਨੇ ਦਾ ਉਦਘਾਟਨ ਹੁੰਦੇ ਹੀ ਕਾਰਖ਼ਾਨੇ ਤੋਂ ਉਤਪਾਦਨ ਸ਼ੁਰੂ ਹੋ ਗਿਆ। ਇਸ ਦੀ ਲਾਗਤ 8,603 ਕਰੋੜ ਰੁਪਏ ਹੈ। ਜ਼ਿਕਰਯੋਗ ਹੈ ਕਿ ਇਸ ਪਲਾਟ ਦੀ ਸਮਰੱਥਾ 2,200 ਮੀਟ੍ਰਿਕ ਟਨ ਲਿਕਵਿਡ ਅਮੋਨੀਆ ਅਤੇ 3,850 ਮੀਟ੍ਰਿਕ ਟਨ ਨੀਮ ਕੋਟੇਡ ਯੂਨੀਆ ਦੇ ਰੋਜ਼ਾਨਾ ਉਤਪਾਦਨ ਦੀ ਹੈ। ਗੋਰਖਪੁਰ ਵਿਚ ਇਹ ਕਾਰਖਾਨਾ ਪਿਛਲੇ 30 ਸਾਲਾਂ ਤੋਂ ਬੰਦ ਪਿਆ ਸੀ। ਇਸ ਖਾਦ ਕਾਰਖ਼ਾਨੇ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ।
ਇਸ ਦੌਰਾਨ ਮੋਦੀ ਨੇ ਆਯੋਜਨ ਸਥਲ ਤੋਂ ਹੀ ਰਿਮੋਟ ਕੰਟਰੋਲ ਨਾਲ ਨਵੀਂ ਬਣੀ ਏਮਜ਼ ਦੀ ਇਮਾਰਤ ਦਾ ਵੀ ਉਦਘਾਟਨ ਕੀਤਾ। ਇਸ ਦੀ ਸਥਾਪਨਾ 112 ਏਕੜ ਖੇਤਰ ’ਚ ਕੀਤੀ ਜਾ ਰਹੀ ਹੈ। ਇਸ ਉੱਚ ਪੱਧਰੀ ਮਾਹਰ ਮੈਡੀਕਲ ਸੰਸਥਾ ਜ਼ਰੀਏ ਮਰੀਜ਼ਾਂ ਨੂੰ ਵਧੀਆਂ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। ਗੋਰਖਪੁਰ ਏਮਜ਼ 14 ਅਤਿਆਧੁਨਿਕ ਮਾਡਿਊਲਰ ਆਪਰੇਸ਼ਨ ਥੀਏਟਰ, ਉੱਚ ਸ਼੍ਰੇਣੀ ਦੇ ਨਵੀਨਤਮ ਸੀ. ਟੀ. ਸਕੈਨ, ਐੱਮ. ਆਰ. ਆਈ., ਡਾਇਲਿਸਿਸ ਮਸ਼ੀਨ, ਸੀ-ਆਰਮ ਮਸ਼ੀਨ ਸਮੇਤ ਕਈ ਮੈਡੀਕਲ ਯੰਤਰ ਅਤੇ ਸਹੂਲਤਾਂ ਨਾਲ ਲੈਸ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਗੋਰਖਪੁਰ ’ਚ ਸਥਾਪਤ ਕੀਤੇ ਗਏ ਆਈ. ਸੀ. ਐੱਮ. ਆਰ. ਦੇ ਰੀਜ਼ਨਲ ਮੈਡੀਕਲ ਰਿਸਰਚ ਸੈਂਟਰ ਦਾ ਵੀ ਉਦਘਾਟਨ ਕੀਤਾ। ਇਹ ਸ਼ੋਧ ਕੇਂਦਰ ਇੰਸੇਫਲਾਈਟਿਸ, ਡੇਂਗੂ, ਚਿਕੁਨਗੁਨੀਆ, ਕਾਲਾਜਾਰ ਸਮੇਤ ਕੋਵਿਡ-19 ਵਰਗੀਆਂ ਬੀਮਾਰੀਆਂ ਦੇ ਵਾਇਰਸ ਦੀ ਪਹਿਚਾਣ ਕਰਨ ਅਤੇ ਇਲਾਜ ਲਈ ਖੋਜ ਨੂੰ ਅੱਗੇ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ।