ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਆਸਟ੍ਰੇਲੀਆਈ ਹਮਰੁਤਬਾ ਅਲਬਾਨੀਜ਼ ਨਾਲ ਕੀਤੀ ਦੁਵੱਲੀ ਗੱਲਬਾਤ

05/24/2022 4:03:48 PM

ਟੋਕੀਓ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਵਾਡ ਸਮਿਟ ਤੋਂ ਵੱਖ ਮੰਗਲਵਾਰ ਨੂੰ ਆਸਟ੍ਰੇਲੀਆ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ। ਮੋਦੀ ਅਤੇ ਅਲਬਾਨੀਜ਼ ਕਵਾਡ ਸਮਿਟ ਵਿੱਚ ਸ਼ਾਮਲ ਹੋਣ ਲਈ ਜਾਪਾਨ ਆਏ ਹੋਏ ਹਨ। ਮੋਦੀ ਨੇ ਅਲਬਾਨੀਜ਼ ਨੂੰ ਉਨ੍ਹਾਂ ਦੇ ਦੇਸ਼ ਦੀ ਚੋਣ ਜਿੱਤ ਅਤੇ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਦਿੱਤੀ। 

PunjabKesari

ਵਿਦੇਸ਼ ਮੰਤਰਾਲੇ ਮੁਤਾਬਕ ਦੋਵਾਂ ਨੇਤਾਵਾਂ ਨੇ ਬੈਠਕ ਵਿਚ ਭਾਰਤ-ਆਸਟ੍ਰੇਲੀਆ ਸੰਯੁਕਤ ਰਣਨੀਤਕ ਸਾਂਝੇਦਾਰੀ ਦੇ ਤਹਿਤ ਸਾਡੇ ਬਹੁ-ਪੱਖੀ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ, ਜਿਸ ਵਿੱਚ ਵਪਾਰ ਅਤੇ ਨਿਵੇਸ਼, ਰੱਖਿਆ ਨਿਰਮਾਣ, ਨਵਿਆਉਣਯੋਗ ਊਰਜਾ, ਗ੍ਰੀਨ ਹਾਈਡ੍ਰੋਜਨ, ਸਿੱਖਿਆ, ਵਿਗਿਆਨ ਅਤੇ ਤਕਨਾਲੋਜੀ, ਖੇਤੀਬਾੜੀ ਖੋਜ, ਖੇਡਾਂ ਅਤੇ ਜਨਤਾ ਵਿਚਕਾਰ ਸੰਪਰਕ ਸ਼ਾਮਲ ਹੈ। ਦੋਵਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ ਵਿੱਚ ਸਕਾਰਾਤਮਕ ਗਤੀ ਨੂੰ ਬਰਕਰਾਰ ਰੱਖਣ ਦੀ ਇੱਛਾ ਪ੍ਰਗਟਾਈ। ਮੋਦੀ ਨੇ ਅਲਬਾਨੀਜ਼ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।

PunjabKesari

ਇਸ ਤੋਂ ਪਹਿਲਾਂ ਦੋਹਾਂ ਨੇਤਾਵਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨਾਲ ਕਵਾਡ ਸਮਿਟ 'ਚ ਸ਼ਿਰਕਤ ਕੀਤੀ। ਕਵਾਡ ਸਮਿਟ 'ਚ ਪ੍ਰਧਾਨ ਮੰਤਰੀ ਮੋਦੀ ਨੇ ਅਲਬਾਨੀਜ਼ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਸਹੁੰ ਚੁੱਕਣ ਤੋਂ ਸਿਰਫ 24 ਘੰਟੇ ਬਾਅਦ ਸੰਮੇਲਨ 'ਚ ਆਉਣਾ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਲਬਾਨੀਜ਼ ਨੇ ਸੋਮਵਾਰ ਨੂੰ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੀ ਲੇਬਰ ਪਾਰਟੀ ਨੇ ਸਾਬਕਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ- ਕਵਾਡ ਨੇਤਾਵਾਂ ਨੇ ਲਾਂਚ ਕੀਤੀ 'Quad Fellowship' 100 ਬੈਸਟ ਵਿਦਿਆਰਥੀਆਂ ਨੂੰ ਮਿਲੇਗਾ ਮੌਕਾ

ਅਲਬਾਨੀਜ਼ ਨੇ ਟਵੀਟ ਕੀਤਾ ਕਿ ਮੈਨੂੰ ਅੱਜ ਟੋਕੀਓ 'ਚ ਕਵਾਡ ਸਮਿਟ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ, ਅਮਰੀਕੀ ਰਾਸ਼ਟਰਪਤੀ ਬਾਈਡੇਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਦਾ ਮੌਕਾ ਮਿਲਿਆ। ਅਸੀਂ ਕਵਾਡ ਅਤੇ ਇੱਕ ਖੁੱਲ੍ਹੇ, ਮੁਕਤ ਅਤੇ ਲਚਕੀਲੇ ਭਾਰਤੀ ਪ੍ਰਸ਼ਾਂਤ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ 2023 ਵਿੱਚ ਅਗਲੇ ਕਵਾਡ ਸੰਮੇਲਨ ਦੀ ਮੇਜ਼ਬਾਨੀ ਕਰੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News