ਮੋਦੀ ਸਰਕਾਰ ਨੇ ਚੋਣਾਂ ਦੇ ਝਟਕਿਆਂ ਤੋਂ ਕੋਈ ਸਬਕ ਨਹੀਂ: ਸੋਨੀਆ ਗਾਂਧੀ
Wednesday, Jul 31, 2024 - 12:29 PM (IST)

ਨਵੀਂ ਦਿੱਲੀ- ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਭਾਜਪਾ ਅਤੇ ਰਾਸ਼ਟਰੀ ਸਵੈ-ਸੇਵਕ ਸੰਘ (RSS) 'ਤੇ ਤਿੱਖਾ ਸ਼ਬਦੀ ਵਾਰ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਲੋਕ ਸਭਾ ਚੋਣਾਂ ਵਿਚ ਲੱਗੇ ਝਟਕਿਆਂ ਤੋਂ ਸਬਕ ਲੈਣ ਦੀ ਬਜਾਏ ਅੱਜ ਵੀ ਵੰਡ ਅਤੇ ਡਰ ਫੈਲਾਉਣ ਦੀ ਆਪਣੀ ਨੀਤੀ 'ਤੇ ਕਾਇਮ ਹੈ। ਉਨ੍ਹਾਂ ਨੇ ਕਾਂਗਰਸ ਸੰਸਦੀ ਦਲ ਦੀ ਬੈਠਕ ਵਿਚ ਪਾਰਟੀ ਨੇਤਾਵਾਂ ਨੂੰ ਇਹ ਅਪੀਲ ਵੀ ਕੀਤੀ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਮਾਹੌਲ ਪਾਰਟੀ ਦੇ ਪੱਖ ਵਿਚ ਹੈ ਪਰ ਕਿਸੇ ਨੂੰ ਅਸੰਤੁਸ਼ਟ ਅਤੇ ਜ਼ਿਆਦਾ ਆਤਮਵਿਸ਼ਵਾਸ ਨਹੀਂ ਹੋਣਾ ਚਾਹੀਦਾ ਅਤੇ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਸੀ. ਪੀ. ਪੀ. ਦੀ ਬੈਠਕ ਦੀ ਸ਼ੁਰੂਆਤ ਵਿਚ ਕੇਰਲ ਦੇ ਵਾਇਨਾਡ ਵਿਚ ਕੱਲ ਮੰਗਲਵਾਰ ਨੂੰ ਤੜਕੇ ਹੋਈ ਜ਼ਮੀਨ ਖਿਸਕਣ ਦੀ ਘਟਨਾ ਵਿਚ ਮਾਰੇ ਗਏ ਲੋਕਾਂ ਅਤੇ ਦਿੱਲੀ ਦੇ ਇਕ ਕੋਚਿੰਗ ਸੰਸਥਾ ਵਿਚ ਮੀਂਹ ਦੇ ਪਾਣੀ ਵਿਚ ਡੁੱਬਣ ਕਾਰਨ ਜਾਨ ਗੁਆਉਣ ਵਾਲੇ ਤਿੰਨ ਵਿਦਿਆਰਥੀਆਂ ਦੇ ਸਨਮਾਨ ਵਿਚ ਕੁਝ ਦੇਰ ਮੌਨ ਰੱਖਿਆ ਗਿਆ।
ਸੰਸਦੀ ਦਲ ਦੇ ਮੁਖੀ ਦੇ ਤੌਰ 'ਤੇ ਦਿੱਤੇ ਗਏ ਆਪਣੇ ਭਾਸ਼ਣ ਵਿਚ ਸੋਨੀਆ ਗਾਂਧੀ ਨੇ ਮੋਦੀ ਸਰਕਾਰ, ਭਾਜਪਾ ਅਤੇ RSS 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਲੱਗਦਾ ਸੀ ਕਿ ਮੋਦੀ ਸਰਕਾਰ ਲੋਕ ਸਭਾ ਚੋਣਾਂ ਵਿਚ ਲੱਗੇ ਵੱਡੇ ਝਟਕੇ ਤੋਂ ਸਹੀ ਸਬਕ ਲਵੇਗੀ। ਇਸ ਦੀ ਬਜਾਏ ਉਹ ਭਾਈਚਾਰਿਆਂ ਨੂੰ ਵੰਡਣ, ਡਰ ਅਤੇ ਦੁਸ਼ਮਣੀ ਫੈਲਾਉਣ ਦੀ ਆਪਣੀ ਨੀਤੀ ਜਾਰੀ ਰੱਖਦੀ ਹੈ। ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼ ਵਿਚ ਕਾਂਵੜ ਯਾਤਰਾ ਦੇ ਮਾਰਗ ਵਿਚ ਦੁਕਾਨਦਾਰਾਂ ਦੇ ਨਾਂ ਪ੍ਰਦਰਸ਼ਿਤ ਕਰਨ ਦੇ ਸ਼ਾਸਨਾਦੇਸ਼ ਨਾਲ ਜੁੜੇ ਵਿਵਾਦ ਦਾ ਅਸਿੱਧੇ ਤੌਰ 'ਤੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਨਾਲ ਸੁਪਰੀਮ ਕੋਰਟ ਨੇ ਸਹੀ ਸਮੇਂ 'ਤੇ ਦਖਲ ਦਿੱਤਾ ਪਰ ਇਸ ਨਾਲ ਆਰਜ਼ੀ ਰਾਹਤ ਹੀ ਮਿਲ ਸਕਦੀ ਹੈ।
ਸੋਨੀਆ ਗਾਂਧੀ ਨੇ ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਜੰਮੂ-ਕਸ਼ਮੀਰ ਵਿਚ ਵੀ ਵਿਧਾਨ ਸਭਾ ਚੋਣਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਪਾਰਟੀ ਨੇਤਾਵਾਂ ਵਿਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ ਵਿਚ ਚਾਰ ਸੂਬਿਆਂ 'ਚ ਚੋਣਾਂ ਹੋਣੀਆਂ ਹਨ। ਸਾਨੂੰ ਲੋਕ ਸਭਾ ਚੋਣਾਂ ਵਿਚ ਪੈਦਾ ਹੋਈ ਸਥਿਤੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਸਾਨੂੰ ਸੰਤੁਸ਼ਟ ਅਤੇ ਜ਼ਿਆਦਾ ਆਤਮ-ਵਿਸ਼ਵਾਸ ਨਹੀਂ ਬਣਨਾ ਚਾਹੀਦਾ। ਵਾਤਾਵਰਨ ਸਾਡੇ ਪੱਖ ਵਿਚ ਹੈ ਪਰ ਸਾਨੂੰ ਟੀਚੇ ਨੂੰ ਧਿਆਨ ਵਿੱਚ ਰੱਖ ਕੇ ਇਕਜੁੱਟ ਹੋ ਕੇ ਕੰਮ ਕਰਨਾ ਪਵੇਗਾ। ਸੋਨੀਆ ਨੇ ਕਿਹਾ ਕਿ ਜੇਕਰ ਕਾਂਗਰਸ ਆਉਣ ਵਾਲੀਆਂ ਚੋਣਾਂ ਵਿਚ ਵੀ ਬਿਹਤਰ ਪ੍ਰਦਰਸ਼ਨ ਕਰਦੀ ਹੈ ਤਾਂ ਰਾਸ਼ਟਰੀ ਰਾਜਨੀਤੀ ਵਿਚ ਬਦਲਾਅ ਆਵੇਗਾ।