ਮੋਦੀ ਸਰਕਾਰ ਨੇ ਸਫਾਈ ਦੇ ਨਾਂ ’ਤੇ ਮਾਂ ਗੰਗਾ ਨਾਲ ਸਿਰਫ ਧੋਖਾ ਕੀਤਾ : ਖੜਗੇ

Friday, Mar 07, 2025 - 12:00 AM (IST)

ਮੋਦੀ ਸਰਕਾਰ ਨੇ ਸਫਾਈ ਦੇ ਨਾਂ ’ਤੇ ਮਾਂ ਗੰਗਾ ਨਾਲ ਸਿਰਫ ਧੋਖਾ ਕੀਤਾ : ਖੜਗੇ

ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ‘ਨਮਾਮਿ ਗੰਗੇ’ ਯੋਜਨਾ ਤਹਿਤ ਅਲਾਟ ਫੰਡ ਦੀ 55 ਫ਼ੀਸਦੀ ਰਾਸ਼ੀ ਖਰਚ ਨਹੀਂ ਕੀਤੀ ਗਈ, ਜੋ ਇਸ ਗੱਲ ਦਾ ਸਬੂਤ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਗਾ ਦੀ ਸਫਾਈ ਦੀ ਆਪਣੀ ਗਾਰੰਟੀ ਭੁਲਾ ਦਿੱਤੀ ਅਤੇ ਸਫਾਈ ਦੇ ਨਾਂ ’ਤੇ ਮਾਂ ਗੰਗਾ ਨੂੰ ਸਿਰਫ ਧੋਖਾ ਦਿੱਤਾ।

ਖੜਗੇ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਮੋਦੀ ਜੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ‘ਮਾਂ ਗੰਗਾ ਨੇ ਬੁਲਾਇਆ ਹੈ’ ਪਰ ਸੱਚ ਇਹ ਹੈ ਕਿ ਉਨ੍ਹਾਂ ਨੇ ਗੰਗਾ ਸਫਾਈ ਦੀ ਆਪਣੀ ਗਾਰੰਟੀ ਨੂੰ ਭੁਲਾਇਆ ਹੈ। ਉਨ੍ਹਾਂ ਕਿਹਾ ਕਿ ਲੱਗਭਗ 11 ਸਾਲ ਪਹਿਲਾਂ, 2014 ’ਚ ‘ਨਮਾਮਿ ਗੰਗੇ’ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ’ਚ ਮਾਰਚ 2026 ਤੱਕ 42,500 ਕਰੋਡ਼ ਰੁਪਏ ਦੀ ਵਰਤੋਂ ਕੀਤੀ ਜਾਣੀ ਸੀ ਪਰ ਸੰਸਦ ’ਚ ਦਿੱਤੇ ਗਏ ਸਵਾਲਾਂ ਦੇ ਜਵਾਬ ਤੋਂ ਪਤਾ ਲੱਗਦਾ ਹੈ ਕਿ ਦਸੰਬਰ, 2024 ਤੱਕ ਸਿਰਫ 19,271 ਕਰੋਡ਼ ਰੁਪਏ ਖਰਚ ਹੋਏ ਹਨ। ਭਾਵ ਮੋਦੀ ਸਰਕਾਰ ਨੇ ‘ਨਮਾਮਿ ਗੰਗੇ’ ਯੋਜਨਾ ਦਾ 55 ਫ਼ੀਸਦੀ ਪੈਸਾ ਖਰਚ ਹੀ ਨਹੀਂ ਕੀਤਾ।

ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ ਕਿ ਮਾਂ ਗੰਗਾ ਪ੍ਰਤੀ ਇੰਨੀ ਉਦਾਸੀਨਤਾ ਕਿਉਂ? ਉਨ੍ਹਾਂ ਕਿਹਾ ਕਿ 2015 ’ਚ ਮੋਦੀ ਜੀ ਨੇ ਸਾਡੇ ਐੱਨ. ਆਰ. ਆਈ. ਸਾਥੀਆਂ ਨੂੰ ‘ਸਵੱਛ ਗੰਗਾ ਫੰਡ’ ’ਚ ਯੋਗਦਾਨ ਦੇਣ ਦਾ ਸੱਦਾ ਦਿੱਤਾ ਸੀ। ਮਾਰਚ, 2024 ਤੱਕ ਇਸ ਫੰਡ ’ਚ 876 ਕਰੋਡ਼ ਰੁਪਏ ਦਾਨ ਦਿੱਤੇ ਗਏ ਪਰ ਇਸ ਦਾ 56.7 ਫ਼ੀਸਦੀ ਹਿੱਸਾ ਅਜੇ ਤੱਕ ਵਰਤਿਆ ਨਹੀਂ ਗਿਆ ਹੈ। ਇਸ ਫੰਡ ਦਾ 53 ਫ਼ੀਸਦੀ ਸਰਕਾਰੀ ਅਦਾਰਿਆਂ ਤੋਂ ਦਾਨ ਵਜੋਂ ਲਿਆ ਗਿਆ ਹੈ।


author

Rakesh

Content Editor

Related News