‘ਮੋਦੀ ਸਰਕਾਰ ਹੌਲੀ-ਹੌਲੀ ਬਾਜ਼ਾਰ ਤੋਂ ਵਾਪਸ ਲੈ ਰਹੀ 2000 ਰੁਪਏ ਦੇ ਨੋਟ’

Saturday, Mar 27, 2021 - 09:53 AM (IST)

‘ਮੋਦੀ ਸਰਕਾਰ ਹੌਲੀ-ਹੌਲੀ ਬਾਜ਼ਾਰ ਤੋਂ ਵਾਪਸ ਲੈ ਰਹੀ 2000 ਰੁਪਏ ਦੇ ਨੋਟ’

ਨਵੀਂ ਦਿੱਲੀ- ਦੇਸ਼ ’ਚ ਇਸ ਸਮੇਂ ਇਨ੍ਹਾਂ ਅਟਕਲਬਾਜ਼ੀਆਂ ਦਾ ਦੌਰ ਚੱਲ ਰਿਹਾ ਹੈ ਕਿ ਕਾਲੇ ਧਨ ਦਾ ਪ੍ਰਵਾਹ ਰੋਕਣ ਲਈ ਪ੍ਰਧਾਨ ਮੰਤਰੀ 2,000 ਰੁਪਏ ਦੇ ਨੋਟ ਵਾਪਸ ਲੈਣ ’ਤੇ ਵਿਚਾਰ ਕਰ ਰਹੇ ਹਨ। ਰਿਜ਼ਰਵ ਬੈਂਕ ਇਸ ਸੰਬੰਧ ’ਚ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ 2,000 ਰੁਪਏ ਦੇ ਨੋਟ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਵੈਸੇ, ਅਜਿਹੇ ਸੰਵੇਦਨਸ਼ੀਲ ਮਾਮਲਿਆਂ ’ਚ ਰਿਜ਼ਰਵ ਬੈਂਕ ਨੂੰ ਸਿਆਸੀ ਫ਼ੈਸਲਿਆਂ ਦਾ ਪਤਾ ਹੁੰਦਾ ਹੈ ਅਤੇ ਬਾਜ਼ਾਰ ਰੈਗੂਲੇਟਰ ਹੋਣ ਦੀ ਹੈਸੀਅਤ ਨਾਲ ਉਸ ਨੂੰ ਹੀ ਉਨ੍ਹਾਂ ਫੈਸਲਿਆਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। ਸਰਕਾਰ ਨੇ ਪਿਛਲੇ ਸਾਲ ਇਸ ਸੰਬੰਧ ’ਚ ਇੰਨਾ ਹੀ ਕਿਹਾ ਸੀ ਕਿ ਉਹ 2,000 ਰੁਪਏ ਦੇ ਨੋਟ ਹੁਣ ਹੋਰ ਨਹੀਂ ਛਾਪੇਗੀ।

2000 ਰੁਪਏ ਦੇ ਨੋਟਾਂ ਨੂੰ ਲੈ ਕੇ ਸਰਕਾਰ ਦੀ ਰਣਨੀਤੀ ਦਾ ਸੰਕੇਤ
ਇਹ ਫ਼ੈਸਲਾ ਰਿਜ਼ਰਵ ਬੈਂਕ ਨੇ ਨਹੀਂ, ਸਰਕਾਰ ਨੇ ਲਿਆ ਸੀ ਕਿਉਂਕਿ ਪ੍ਰਧਾਨ ਮੰਤਰੀ ਨੂੰ ਸ਼ੱਕ ਹੈ ਕਿ ਵੱਡੇ ਮੁੱਲ ਵਾਲੇ ਇਨ੍ਹਾਂ ਨੋਟਾਂ ਦੀ ਵਰਤੋਂ ਮਨੀ ਲਾਂਡਰਿੰਗ, ਟੈਕਸ ਚੋਰੀ ਅਤੇ ਜਮ੍ਹਾਖੋਰੀ ’ਚ ਹੋ ਰਹੀ ਹੈ। ਉਦੋਂ ਤੋਂ ਲੈ ਕੇ ਇਸ ਮੁੱਦੇ ’ਤੇ ਸਰਕਾਰ ਚੁੱਪ ਹੈ ਪਰ ਇਕ ਗੱਲ ਤਾਂ ਤੈਅ ਹੈ ਕਿ ਜਿਨ੍ਹਾਂ ਲੋਕਾਂ ਕੋਲ ਇਨ੍ਹਾਂ ਵੱਡੇ ਨੋਟਾਂ ਦੇ ਢੇਰ ਲੱਗੇ ਹੋਏ ਹਨ, ਉਨ੍ਹਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਜ਼ਰੂਰ ਬਣ ਗਈਆਂ ਹਨ। ਹੁਣ 2,000 ਰੁਪਏ ਦੇ ਨੋਟਾਂ ਨੂੰ ਲੈ ਕੇ ਸਰਕਾਰ ਦੀ ਰਣਨੀਤੀ ਦਾ ਸੰਕੇਤ ਮਿਲਣ ਲੱਗਾ ਹੈ।

ਇਹ ਵੀ ਪੜ੍ਹੋ : ਪਿਛਲੇ ਸਾਲ ਵਰਗੇ ਲਾਕਡਾਊਨ ਦਾ ਖਦਸ਼ਾ ਨਹੀਂ : RBI ਗਵਰਨਰ

2 ਸਾਲਾਂ ਦੇ ਅੰਦਰ 2000 ਰੁਪਏ ਦੇ 863 ਮਿਲੀਅਨ ਨੋਟ ਹਟਾਏ ਗਏ
ਰਿਜ਼ਰਵ ਬੈਂਕ 2,000 ਦੇ ਨੋਟਾਂ ’ਤੇ ਰੋਕ ਲਾਉਣ ਦੀ ਬਜਾਏ ਬਾਜ਼ਾਰ ਤੋਂ ਹੌਲੀ-ਹੌਲੀ ਇਨ੍ਹਾਂ ਨੋਟਾਂ ਨੂੰ ਵਾਪਸ ਲੈ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ 30 ਮਾਰਚ 2018 ਨੂੰ 2,000 ਰੁਪਏ ਦੇ ਕੁੱਲ 3,362 ਮਿਲੀਅਨ ਨੋਟ ਬਾਜ਼ਾਰ ’ਚ ਮੌਜੂਦ ਸਨ, ਜਿਨ੍ਹਾਂ ਦੀ ਗਿਣਤੀ ਫਰਵਰੀ 2021 ’ਚ ਘੱਟ ਹੋ ਕੇ 2499 ਮਿਲੀਅਨ ਰਹਿ ਗਈ ਹੈ। 
ਸਿੱਧੇ ਸ਼ਬਦਾਂ ’ਚ ਕਹੀਏ ਤਾਂ 2 ਸਾਲਾਂ ਦੇ ਅੰਦਰ ਰਿਜ਼ਰਵ ਬੈਂਕ ਨੇ 2,000 ਰੁਪਏ ਦੇ 863 ਮਿਲੀਅਨ ਨੋਟ ਹਟਾ ਲਏ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ 5 ਸੂਬਿਆਂ ’ਚ ਚੋਣਾਂ ਤੋਂ ਬਾਅਦ ਸਰਕਾਰ ਫਿਰ ਹੈਰਾਨ ਕਰਨ ਵਾਲਾ ਫੈਸਲਾ ਲੈ ਸਕਦੀ ਹੈ।

ਰਿਜ਼ਰਵ ਬੈਂਕ ਨੂੰ 2000 ਰੁਪਏ ਦੇ ਨਵੇਂ ਨੋਟ ਛਾਪਣ ਦਾ ਕੋਈ ਆਰਡਰ ਨਹੀਂ 
ਭਾਵੇਂ ਕਿ ਮੋਦੀ ਸਰਕਾਰ ਕਾਲੇ ਧਨ ਨੂੰ ਖਤਮ ਕਰਨ ’ਤੇ ਦ੍ਰਿੜ ਹੈ, ਇਸ ਲਈ ਬਹੁਤ ਛੇਤੀ ਹੀ ਕੋਈ ਝਟਕਾ ਆ ਸਕਦਾ ਹੈ। ਆਧਿਕਾਰਿਕ ਰੂਪ ’ਚ ਸਰਕਾਰ ਨੇ ਮੰਨਿਆ ਕਿ ਉਸ ਨੇ 2019-20 ਅਤੇ 2020-21 ਦੌਰਾਨ ਰਿਜ਼ਰਵ ਬੈਂਕ ਨੂੰ 2,000 ਰੁਪਏ ਦੇ ਨਵੇਂ ਨੋਟ ਛਾਪਣ ਦਾ ਕੋਈ ਆਰਡਰ ਨਹੀਂ ਦਿੱਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News