ਡੈਨਮਾਰਕ 'ਚ ਮੋਦੀ ਨੇ ਦਿੱਤਾ 'ਚਲੋ ਇੰਡੀਆ' ਦਾ ਨਾਅਰਾ: ਕਿਹਾ- ਹਰ ਭਾਰਤੀ 5 ਵਿਦੇਸ਼ੀ ਦੋਸਤਾਂ ਨੂੰ ਭੇਜੇ ਭਾਰਤ

Wednesday, May 04, 2022 - 12:51 PM (IST)

ਡੈਨਮਾਰਕ 'ਚ ਮੋਦੀ ਨੇ ਦਿੱਤਾ 'ਚਲੋ ਇੰਡੀਆ' ਦਾ ਨਾਅਰਾ: ਕਿਹਾ- ਹਰ ਭਾਰਤੀ 5 ਵਿਦੇਸ਼ੀ ਦੋਸਤਾਂ ਨੂੰ ਭੇਜੇ ਭਾਰਤ

ਕੋਪਨਹੇਗਨ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇੱਥੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਦੁਵੱਲੇ ਸਹਿਯੋਗ ਦੇ ਕਈ ਮੁੱਦਿਆ ਸਮੇਤ ਖੇਤਰੀ ਅਤੇ ਵਿਸ਼ਵ ਹਿੱਤ ਦੇ ਵਿਸ਼ਿਆਂ 'ਤੇ ਵਿਸਥਾਰ ਚਰਚਾ ਕੀਤੀ। ਦੱਸ ਦੇਈਏ ਕਿ ਯੂਰਪ ਦੇ ਤਿੰਨ ਦੇਸ਼ਾਂ ਦੇ ਦੌਰੇ 'ਤੇ ਗਏ ਮੋਦੀ ਆਪਣੀ ਯਾਤਰਾ ਦੇ ਦੂਜੇ ਪੜਾਅ 'ਤੇ ਜਰਮਨੀ ਤੋਂ ਇੱਥੇ ਪਹੁੰਚੇ।

ਇਹ ਵੀ ਪੜ੍ਹੋ: ਪੰਜਾਬ ਅਤੇ ਤਾਮਿਲਨਾਡੂ ਦੇ 2 ਸਮੂਹਾਂ ਨੇ ਜਿੱਤਿਆ 'ਨਾਸਾ ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ' ਮੁਕਾਬਲਾ

ਨੋਰਡਿਕ ਦੇਸ਼ ਦੀ ਆਪਣੀ ਯਾਤਰਾ ਦੌਰਾਨ ਡੈਨਮਾਰਕ ਵਿੱਚ ਵਸੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਸਾਰੇ ਭਾਰਤੀ ਲੋਕ ਰਾਸ਼ਟਰ ਦੀ ਰੱਖਿਆ ਲਈ ਇਕੱਠੇ ਖੜ੍ਹੇ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਹੱਥ ਮਿਲਾਉਂਦੇ ਹਨ। ਇਸ ਦੌਰਾਨ ਉਨ੍ਹਾਂ ਭਾਰਤੀਆਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ 'ਚਲੋ ਇੰਡੀਆ' ਦਾ ਨਾਅਰਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆ ਵਿਚ ਰਹਿ ਰਿਹਾ ਹਰ ਭਾਰਤੀ ਜੇਕਰ 5 ਗੈਰ-ਭਾਰਤੀਆਂ ਨੂੰ ਘੁੰਮਣ ਲਈ ਭਾਰਤ ਭੇਜਣ ਦਾ ਕੰਮ ਕਰੇਗਾ ਤਾਂ ਭਾਰਤ ਦੁਨੀਆ ਦਾ ਸਭ ਤੋਂ ਪ੍ਰਸਿੱਧ ਡੈਸਟੀਨੇਸ਼ਨ ਬਣ ਜਾਵੇਗਾ। ਇਹ ਕੰਮ ਰਾਜਦੂਤਾਂ ਦਾ ਨਹੀਂ ਤੁਹਾਡੇ ਵਰਗੇ ਰਾਸ਼ਟਰਦੂਤਾਂ ਦਾ ਹੈ। 

ਇਹ ਵੀ ਪੜ੍ਹੋ: ਸ਼ਰਮਨਾਕ: 'ਸੈਕਸ ਹਿੰਸਾ' ਨੂੰ ਜੰਗ ਦੇ ਹਥਿਆਰ ਦੇ ਤੌਰ ’ਤੇ ਵਰਤ ਰਿਹੈ ਰੂਸ, ਬੱਚਿਆਂ ਨੂੰ ਵੀ ਨਹੀਂ ਬਖਸ਼ ਰਹੇ ਫ਼ੌਜੀ

ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਸਮੂਹਿਕਤਾ ਅਤੇ ਸੱਭਿਆਚਾਰਕ ਵਿਭਿੰਨਤਾ ਭਾਰਤੀ ਭਾਈਚਾਰੇ ਦੀ ਸ਼ਕਤੀ ਹੈ, ਜੋ ਸਾਨੂੰ ਹਰ ਪਲ ਵਿੱਚ ਜ਼ਿੰਦਾ ਮਹਿਸੂਸ ਕਰਾਉਂਦੀ ਹੈ। ਹਜ਼ਾਰਾਂ ਸਾਲਾਂ ਦੇ ਸਮੇਂ ਨੇ ਸਾਡੇ ਅੰਦਰ ਇਹ ਕਦਰਾਂ-ਕੀਮਤਾਂ ਪੈਦਾ ਕੀਤੀਆਂ ਹਨ।" ਅੱਗੇ ਦੀ ਲਾਈਨ ਵਿਚ ਬੈਠੀ ਆਪਣੀ ਡੈਨਿਸ਼ ਹਮਰੁਤਬਾ ਮੇਟੇ ਫਰੈਡਰਿਕਸਨ ਦੇ ਨਾਲ ਆਡੀਟੋਰੀਅਮ ਵਿੱਚ, 'ਮੋਦੀ, ਮੋਦੀ' ਅਤੇ 'ਮੋਦੀ ਹੈ ਤਾਂ ਮੁਮਕਿਨ ਹੈ' ਦੇ ਨਾਅਰਿਆਂ ਦਰਮਿਆਨ, ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕੋਈ ਭਾਰਤੀ ਵਿਅਕਤੀ ਦੁਨੀਆ ਵਿੱਚ ਜਿੱਥੇ ਵੀ ਜਾਂਦਾ ਹੈ, ਇਮਾਨਦਾਰੀ ਨਾਲ ਆਪਣੀ ਕਰਮਭੂਮੀ, ਉਸ ਦੇਸ਼ ਲਈ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਫਰੈਡਰਿਕਸਨ ਦਾ ਅੱਜ ਇੱਥੇ ਹੋਣਾ ਭਾਰਤੀਆਂ ਲਈ ਉਨ੍ਹਾਂ ਦੇ ਪਿਆਰ ਅਤੇ ਸਤਿਕਾਰ ਦਾ ਪ੍ਰਮਾਣ ਹੈ।"

ਇਹ ਵੀ ਪੜ੍ਹੋ: ਬਰਲਿਨ ਪੁੱਜੇ PM ਮੋਦੀ ਨੇ ਵਜਾਇਆ ਢੋਲ, ਵੀਡੀਓ ਵਾਇਰਲ

ਪ੍ਰਧਾਨ ਮੰਤਰੀ ਨੇ ਕਿਹਾ, "ਕਈ ਵਾਰ ਜਦੋਂ ਮੈਂ ਵਿਸ਼ਵ ਨੇਤਾਵਾਂ ਨੂੰ ਮਿਲਦਾ ਹਾਂ, ਉਹ ਮੈਨੂੰ ਆਪਣੇ ਦੇਸ਼ਾਂ ਵਿੱਚ ਭਾਰਤੀ ਭਾਈਚਾਰੇ ਦੀਆਂ ਪ੍ਰਾਪਤੀਆਂ ਬਾਰੇ ਮਾਣ ਨਾਲ ਦੱਸਦੇ ਹਨ।" ਉਨ੍ਹਾਂ ਨੇ ਜ਼ਿਕਰ ਕੀਤਾ ਕਿ ਵਿਦੇਸ਼ਾਂ ਵਿੱਚ ਵੱਸੇ ਭਾਰਤੀਆਂ ਦੀ ਗਿਣਤੀ ਕੁਝ ਦੇਸ਼ਾਂ ਦੀ ਪੂਰੀ ਆਬਾਦੀ ਤੋਂ ਜ਼ਿਆਦਾ ਹੈ। ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਹਰੀ ਰਣਨੀਤਕ ਭਾਈਵਾਲੀ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਦੀਆਂ ਨਿੱਜੀ ਤਰਜੀਹਾਂ ਅਤੇ ਮੁੱਲਾਂ ਦੁਆਰਾ ਨਿਰਦੇਸ਼ਿਤ ਹੈ। ਉਨ੍ਹਾਂ ਕਿਹਾ, 'ਅੱਜ ਉਨ੍ਹਾਂ ਨਾਲ ਜੋ ਗੱਲਬਾਤ ਹੋਈ ਹੈ, ਉਹ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਤਾਕਤ, ਨਵੀਂ ਊਰਜਾ ਦੇਵੇਗੀ।'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News