''ਵੰਦੇ ਮਾਤਰਮ'' ਦੇ ਰਚਾਇਤਾ ਬੰਕਿਮ ਚੰਦਰ ਦਾ ਮਕਾਨ ਖਸਤਾ ਹਾਲਤ ਵਿਚ, ਇਹ ਬੰਗਾਲ ਦੇ ਮਾਣ ਦਾ ਅਪਮਾਨ

02/22/2021 11:20:16 PM

ਚੁਚੁਡਾ (ਪੱਛਮੀ ਬੰਗਾਲ) - ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਦੋਸ਼ ਲਾਇਆ ਕਿ ਉਸ ਨੇ ਪੱਛਮੀ ਬੰਗਾਲ ਵਿਚ ਹਰ ਥਾਂ 'ਸਿੰਡੀਕੇਟ ਰਾਜ' ਲਾਗੂ ਕਰ ਦਿੱਤਾ ਹੈ, ਜਿੱਥੇ 'ਕੱਟ ਮਨੀ' ਤੋਂ ਬਿਨਾਂ ਲੋਕਾਂ ਦਾ ਕੋਈ ਕੰਮ ਨਹੀਂ ਹੁੰਦਾ। ਕੱਟ ਮਨੀ ਸੰਸਕ੍ਰਿਤ ਨੇ ਇਸ ਹੱਦ ਤੱਕ ਮਾਹੌਲ ਖਰਾਬ ਕਰ ਦਿੱਤਾ ਹੈ ਕਿ ਬਿਨਾਂ ਇਸ ਨੂੰ ਦਿੱਤੇ ਕੋਈ ਵੀ ਵਿਅਕਤੀ ਇਕ ਮਕਾਨ ਤੱਕ ਕਿਰਾਏ 'ਤੇ ਨਹੀਂ ਲੈ ਸਕਦਾ। ਸਿੰਡੀਕੇਟ ਦੀ ਆਗਿਆ ਤੋਂ ਬਿਨਾਂ ਇਕ ਮਕਾਨ ਤੱਕ ਤੁਸੀਂ ਕਿਰਾਏ 'ਤੇ ਨਹੀਂ ਦੇ ਸਕਦੇ। 

ਹੁਗਲੀ ਵਿਚ ਇਕ ਜਲਸੇ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸੰਸਕ੍ਰਿਤਕ ਵਿਰਾਸਤ ਅਤੇ ਮਹਾਂਪੁਰਖਾਂ ਦੀ ਬੇਧਿਆਨੀ ਕਰਦੀ ਹੋਈ ਆਪਣੇ ਵੋਟ ਬੈਂਕ ਦੀ ਰਾਖੀ ਲਈ ਤੁਸ਼ਟੀਕਰਣ ਦੀ ਸਿਆਸਤ ਅਪਣਾ ਰਹੀ ਹੈ। ਕੇਂਦਰ ਦੀ 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ' ਅਤੇ 'ਆਯੁਸ਼ਮਾਨ ਭਾਰਤ' ਵਰਗੀਆਂ ਯੋਜਨਾਵਾਂ ਨੂੰ ਆਗਿਆ ਨਾ ਦੇਣ ਲਈ ਉਨ੍ਹਾਂ ਮਮਤਾ ਸਰਕਾਰ ਦੀ ਆਲੋਚਨਾ ਕੀਤੀ।

ਮੋਦੀ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਜਿਸ ਮਕਾਨ ਵਿਚ ਬੰਕਿਮ ਚੰਦਰ ਚਟੋਪਾਧਿਆਏ ਨੇ 'ਵੰਦੇ ਮਾਤਰਮ' ਦੀ ਰਚਨਾ ਕੀਤੀ ਸੀ, ਉਹ ਹੁਣ ਖਸਤਾ ਹਾਲਤ ਵਿਚ ਹੈ। ਜਿਸ ਵਿਅਕਤੀ ਨੇ ਗੁਲਾਮੀ ਕਾਰਣ ਪਾਈ ਜਾਂਦੀ ਨਿਰਾਸ਼ਾ ਦਰਮਿਆਨ ਆਜ਼ਾਦੀ ਦੇ ਸੰਘਰਸ਼ ਵਿਚ ਨਵੀਂ ਜਾਨ ਪਾਉਣ ਦਾ ਕੰਮ ਕੀਤਾ, ਦੇ ਮਕਾਨ ਨੂੰ ਹੀ ਬੇਧਿਆਨ ਕਰ ਦਿੱਤਾ ਗਿਆ। ਇਹ ਬੰਗਾਲ ਦੇ ਮਾਣ ਦਾ ਅਪਮਾਨ ਹੈ, ਅਨਾਦਰ ਹੈ। ਉਨ੍ਹਾਂ ਤ੍ਰਿਣਮੂਲ ਕਾਂਗਰਸ ਸਰਕਾਰ 'ਤੇ ਜੂਟ ਉਦਯੋਗ ਸਮੇਤ ਉਦਯੋਗਿਕ ਵਿਕਾਸ ਨੂੰ ਅੱਖੋਂ ਪਰੋਖੇ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਨੇ 'ਅਸਲ ਤਬਦੀਲੀ' ਦਾ ਮਨ ਬਣਾ ਲਿਆ ਹੈ। ਭਾਜਪਾ ਬੰਗਾਲ ਨੂੰ ਅਜਿਹੀ ਸਰਕਾਰ ਦੇਵੇਗੀ, ਜਿਸ ਵਿਚ ਸਭ ਦਾ ਵਿਕਾਸ ਯਕੀਨੀ ਹੋਵੇਗਾ। ਕਿਸੇ ਦਾ ਵੀ ਤੁਸ਼ਟੀਕਰਣ ਨਹੀਂ ਹੋਵੇਗਾ।

ਸੂਬਾ ਸਰਕਾਰ 'ਤੇ ਹਮਲੇ ਕਰਦਿਆਂ ਮੋਦੀ ਨੇ ਕਿਹਾ ਕਿ ਜਦੋਂ ਤੱਕ ਕੱਟ ਮਨੀ ਸੰਸਕ੍ਰਿਤੀ ਰਹੇਗੀ, ਗਿਰੋਹ ਦਾ ਰਾਜ ਰਹੇਗਾ। ਨਾਲ ਹੀ ਤੋਲਾਬਾਜ਼ੀ (ਜਬਰੀ ਵਸੂਲੀ) ਕਾਇਮ ਰਹੇਗੀ। ਬੰਗਾਲ ਵਿਚ ਵਿਕਾਸ ਨਹੀਂ ਹੋ ਸਕੇਗਾ। ਸੂਬੇ ਵਿਚ ਭਾਜਪਾ ਸਰਕਾਰ ਬਣਨ 'ਤੇ ਲੋਕਾਂ ਅਤੇ ਉਨ੍ਹਾਂ ਦੀ ਸੰਸਕ੍ਰਿਤੀ ਦੀ ਰਾਖੀ ਹੋਵੇਗੀ। ਕੋਈ ਵੀ ਉਨ੍ਹਾਂ ਨੂੰ ਡਰਾ ਨਹੀਂ ਸਕੇਗਾ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News