#Me Too : ਪ੍ਰਿਯਾ ਰਮਾਨੀ ਖਿਲਾਫ ਮਾਣਹਾਨੀ ਮਾਮਲਾ, MJ ਅਕਬਰ ਦਾ ਬਿਆਨ ਦਰਜ

Wednesday, Oct 31, 2018 - 02:53 PM (IST)

ਨਵੀਂ ਦਿੱਲੀ— ਸਾਬਕਾ ਕੇਂਦਰੀ ਮੰਤਰੀ ਐੱਮ.ਜੇ. ਅਕਬਰ ਪੱਤਰਕਾਰ ਪ੍ਰਿਯਾ ਰਮਾਨੀ ਖਿਲਾਫ ਦਰਜ ਅਪਰਾਧਿਕ ਮਾਣਹਾਨੀ ਮਾਮਲੇ 'ਚ ਆਪਣਾ ਬਿਆਨ ਦਰਜ ਕਰਵਾਉਣ ਲਈ ਬੁੱਧਵਾਰ ਨੂੰ ਦਿੱਲੀ ਦੀ ਇਕ ਅਦਾਲਤ 'ਚ ਪੇਸ਼ ਹੋਏ। ਰਮਾਨੀ ਨੇ ਦੋਸ਼ ਲਗਾਇਆ ਸੀ ਕਿ ਕਰੀਬ 20 ਸਾਲ ਪਹਿਲਾਂ ਅਕਬਰ ਨੇ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ। ਅਕਬਰ ਵਧੀਕ ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਦੇ ਸਾਹਮਣੇ ਪੇਸ਼ ਹੋ ਤੇ ਉਨ੍ਹਾਂ ਦਾ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਜਾਰੀ ਹੈ । ਭਾਰਤ 'ਚ 'ਮੀ ਟੂ' ਮੁਹਿੰਮ ਤੇਜ਼ ਹੋਣ ਦੇ ਨਾਲ ਅਕਬਰ ਦਾ ਨਾਂ ਸੋਸ਼ਲ ਮੀਡੀਆ 'ਚ ਉਦੋਂ ਉੱਠਿਆ ਸੀ ਜਦੋਂ ਉਹ ਨਾਈਜੀਰੀਆ 'ਚ ਸਨ।
ਕਈ ਔਰਤਾਂ ਨੇ ਦੋਸ਼ ਲਗਾਇਆ ਸੀ ਕਿ ਪੱਤਰਕਾਰ ਰਹਿੰਦੇ ਹੋਏ ਅਕਬਰ ਨੇ ਉਨ੍ਹਾਂ ਨਾਲ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕੀਤਾ ਸੀ। ਅਕਬਰ 14 ਅਕੂਬਰ ਨੂੰ ਦੇਸ਼ ਪਰਤੇ ਸਨ। ਵਾਪਸ ਆਉਣ ਦੇ ਕੁਝ ਹੀ ਘੰਟੇ ਬਾਅਦ ਉਨ੍ਹਾਂ ਨੇ ਉਕਤ ਦੋਸ਼ਾਂ ਨੂੰ ''ਝੂਠਾ ਤੇ ਨਾਰਾਜ਼'' ਕਰ ਦੇਣ ਵਾਲਾ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਦੋਸ਼ ਲਗਾਉਣ ਵਾਲਿਆਂ ਖਿਲਾਫ ਉਚਿਤ ਕਾਨੂੰਨੀ ਕਾਰਵਾਈ ਕਰਨਗੇ। ਅਕਬਰ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀਆਂ ਔਰਤਾਂ 'ਚ ਗਜਾਲਾ ਵਹਾਬ, ਸ਼ੁਮਾ ਰਾਹਾ, ਅੰਜੂ ਭਾਰਤੀ ਤੇ ਸੁਤਾਪਾ ਪਾਲ ਸ਼ਾਮਲ ਹਨ।

ਇਨ੍ਹਾਂ ਦੋਸ਼ਾਂ ਤੋਂ ਬਾਅਦ ਅਕਬਰ ਨੂੰ ਪੀ.ਐੱਮ.ਓ. ਦੇ ਕਹਿਣ 'ਤੇ ਵਿਦੇਸ਼ ਰਾਜਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਅਕਬਰ ਨੇ ਆਪਣੇ ਵਕੀਲ ਦੇ ਜ਼ਰੀਏ ਕੋਰਟ ਨੂੰ ਕਿਹਾ ਸੀ ਕਿ ਪ੍ਰਿਯਾ ਰਮਾਨੀ ਦੇ ਇਤਰਾਜ਼ਯੋਗ ਬਿਆਨ ਕਾਰਨ ਉਨ੍ਹਾਂ ਦੀ ਪਛਾਣ ਖਰਾਬ ਹੋਈ ਹੈ। ਦਿੱਲੀ ਦੀ ਪਟਿਆਣਾ ਹਾਊਸ ਕੋਰਟ ਨੇ ਪ੍ਰਿਯਾ ਰਮਾਨੀ ਖਿਲਾਫ ਐੱਮ.ਜੇ. ਅਕਬਰ ਵੱਲੋਂ ਦਰਜ ਕਰਵਾਏ ਗਏ ਮਾਣਹਾਨੀ ਮਾਮਲੇ ਦੀ ਸੁਣਵਾਈ ਲਈ 12 ਨਵੰਬਰ ਦੀ ਤਰੀਕ ਤੈਅ ਕੀਤੀ ਹੈ।

 


Related News