ਭਾਰਤ-ਸ਼੍ਰੀਲੰਕਾ ਵਿਚਾਲੇ 12ਵੀਂ ਵਾਰ ਹੋ ਰਿਹਾ ''ਮਿੱਤਰ ਸ਼ਕਤੀ'' ! ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਲੈ ਰਹੀਆਂ ਹਿੱਸਾ

Tuesday, Nov 24, 2026 - 11:14 AM (IST)

ਭਾਰਤ-ਸ਼੍ਰੀਲੰਕਾ ਵਿਚਾਲੇ 12ਵੀਂ ਵਾਰ ਹੋ ਰਿਹਾ ''ਮਿੱਤਰ ਸ਼ਕਤੀ'' ! ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਲੈ ਰਹੀਆਂ ਹਿੱਸਾ

ਇੰਟਰਨੈਸ਼ਨਲ ਡੈਸਕ- ਭਾਰਤ ਅਤੇ ਸ਼੍ਰੀਲੰਕਾ ਦੀਆਂ ਫ਼ੌਜਾਂ ਵਿਚਾਲੇ ਸਾਂਝੇ ਫ਼ੌਜੀ ਅਭਿਆਸ 'ਮਿੱਤਰ ਸ਼ਕਤੀ 2026' ਦਾ 12ਵਾਂ ਐਡੀਸ਼ਨ ਸ਼੍ਰੀਲੰਕਾ ਦੇ ਮਾਦੁਰੂ ਓਯਾ ਸਥਿਤ ਆਰਮੀ ਟ੍ਰੇਨਿੰਗ ਸਕੂਲ ਵਿਖੇ ਚੱਲ ਰਿਹਾ ਹੈ। 13 ਨਵੰਬਰ ਤੋਂ ਸ਼ੁਰੂ ਹੋਇਆ ਇਹ 14-ਦਿਨਾ ਅਭਿਆਸ 26 ਨਵੰਬਰ ਤੱਕ ਚੱਲੇਗਾ, ਜਿਸ ਦਾ ਮੁੱਖ ਮਕਸਦ ਸੰਯੁਕਤ ਰਾਸ਼ਟਰ ਦੇ ਆਦੇਸ਼ਾਂ ਤਹਿਤ ਅਰਧ-ਸ਼ਹਿਰੀ ਇਲਾਕਿਆਂ 'ਚ ਅੱਤਵਾਦ ਵਿਰੋਧੀ ਮੁਹਿੰਮਾਂ ਲਈ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦਾ ਤਾਲਮੇਲ ਅਤੇ ਸਾਂਝੀ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ।

ਭਾਰਤੀ ਰੱਖਿਆ ਮੰਤਰਾਲੇ ਅਨੁਸਾਰ, ਇਸ ਅਭਿਆਸ 'ਚ ਹਿੱਸਾ ਲੈਣ ਲਈ 170 ਮੈਂਬਰੀ ਭਾਰਤੀ ਰੱਖਿਆ ਬਲਾਂ ਦੀ ਟੁਕੜੀ, ਜਿਸ ਦੀ ਅਗਵਾਈ ਲੈਫਟੀਨੈਂਟ ਕਰਨਲ ਅਨਿਰੁੱਧ ਮੰਗੋਤਰਾ ਕਰ ਰਹੇ ਹਨ, 13 ਨਵੰਬਰ ਨੂੰ ਸ਼੍ਰੀਲੰਕਾ ਪਹੁੰਚੀ ਸੀ। ਇਸ ਦਲ 'ਚ ਮੁੱਖ ਤੌਰ 'ਤੇ ਰਾਜਪੂਤਾਨਾ ਰਾਈਫਲਜ਼ ਦੀ ਇੱਕ ਬਟਾਲੀਅਨ ਦੇ ਜਵਾਨਾਂ ਸਮੇਤ ਭਾਰਤੀ ਏਅਰਫੋਰਸ ਅਤੇ ਹੋਰ ਸੇਵਾਵਾਂ ਦੇ ਕਰਮਚਾਰੀ ਸ਼ਾਮਲ ਹਨ। ਦੂਜੇ ਪਾਸੇ, ਸ਼੍ਰੀਲੰਕਾ ਦੀ 170 ਮੈਂਬਰੀ ਟੁਕੜੀ ਵਿੱਚ ਵਿਜੇਬਾਹੂ ਇਨਫੈਂਟਰੀ ਰੈਜੀਮੈਂਟ, ਆਰਮਰਡ ਕੋਰ, ਆਰਟਿਲਰੀ ਅਤੇ ਇੰਜੀਨੀਅਰਜ਼ ਵਿੰਗ ਦੇ ਜਵਾਨ ਹਿੱਸਾ ਲੈ ਰਹੇ ਹਨ।

ਭਾਰਤੀ ਫ਼ੌਜ ਨੇ ਸੋਮਵਾਰ ਨੂੰ 'ਐਕਸ' 'ਤੇ ਇਸ ਅਭਿਆਸ ਦੀ ਇਕ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਜਵਾਨ ਸਾਂਝੀ ਪਲਾਨਿੰਗ ਅਤੇ ਵਿਸ਼ੇਸ਼ ਜੰਗੀ ਹੁਨਰਾਂ ਦਾ ਅਭਿਆਸ ਕਰ ਰਹੇ ਹਨ। ਇਸ ਟ੍ਰੇਨਿੰਗ ਪ੍ਰੋਗਰਾਮ 'ਚ ਸਰੀਰਕ ਤੰਦਰੁਸਤੀ, ਸ਼ਹਿਰੀ ਇਲਾਕਿਆਂ 'ਚ ਪੈਟਰੋਲਿੰਗ, ਫ਼ੌਜੀ ਵਾਹਨਾਂ ਦੇ ਕਾਫ਼ਲੇ ਦੀ ਸੁਰੱਖਿਆ, ਘਾਤ ਲਗਾ ਕੇ ਹਮਲਾ ਕਰਨ, ਸੜਕ ਨਾਕਾਬੰਦੀ, ਭੀੜ ਨੂੰ ਖਿੰਡਾਉਣ ਅਤੇ ਕਿਲ੍ਹੇਬੰਦ ਠਿਕਾਣਿਆਂ ਖ਼ਿਲਾਫ਼ ਸਾਂਝੀ ਕਾਰਵਾਈ ਕਰਨ ਦੀਆਂ ਐਕਸਰਸਾਈਜ਼ਾਂ ਸ਼ਾਮਲ ਹਨ।

26 ਨਵੰਬਰ ਨੂੰ ਇਸ ਅਭਿਆਸ ਦੀ ਸਮਾਪਤੀ ਇੱਕ ਵਿਆਪਕ 'ਵੈਲੀਡੇਸ਼ਨ ਐਕਸਰਸਾਈਜ਼' ਨਾਲ ਹੋਵੇਗੀ, ਜਿਸ ਦੌਰਾਨ ਦੋਵਾਂ ਦੇਸ਼ਾਂ ਦੀਆਂ ਬਟਾਲੀਅਨਾਂ ਟ੍ਰੇਨਿੰਗ ਦੌਰਾਨ ਸਿੱਖੀਆਂ ਗਈਆਂ ਰਣਨੀਤੀਆਂ ਅਤੇ ਤਕਨੀਕਾਂ ਦਾ ਸਾਂਝਾ ਪ੍ਰਦਰਸ਼ਨ ਕਰਨਗੀਆਂ। ਜ਼ਿਕਰਯੋਗ ਹੈ ਕਿ 2012 'ਚ ਸ਼ੁਰੂ ਹੋਇਆ 'ਮਿੱਤਰ ਸ਼ਕਤੀ' ਇੱਕ ਸਾਲਾਨਾ ਦੋ-ਪੱਖੀ ਫ਼ੌਜੀ ਅਭਿਆਸ ਹੈ, ਜੋ ਵਾਰੀ-ਵਾਰੀ ਭਾਰਤ ਅਤੇ ਸ਼੍ਰੀਲੰਕਾ 'ਚ ਆਯੋਜਿਤ ਕੀਤਾ ਜਾਂਦਾ ਹੈ।


author

Harpreet SIngh

Content Editor

Related News