ਗੋਧਰਾ ਟਰੇਨ ਅਗਨੀਕਾਂਡ ਦੇ ਦੋਸ਼ੀ ਇਰਫ਼ਾਨ ਨੂੰ ਜ਼ਮਾਨਤ, ਉਮਰ ਕੈਦ ਦੀ ਸਜ਼ਾ ਮੁਅੱਤਲ
Tuesday, Nov 24, 2026 - 09:45 AM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਨੇ 2002 ਦੇ ਗੋਧਰਾ ਟਰੇਨ ਅਗਨੀਕਾਂਡ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਇਕ ਵਿਅਕਤੀ ਨੂੰ ਜ਼ਮਾਨਤ ਦਿੰਦੇ ਹੋਏ ਉਸ ਦੀ ਉਮਰ ਕੈਦ ਦੀ ਸਜ਼ਾ ਸਿਹਤ ਕਾਰਨਾਂ ਕਰ ਕੇ ਮੁਅੱਤਲ ਕਰ ਦਿੱਤੀ ਹੈ। ਜਸਟਿਸ ਐੱਮ. ਐੱਮ. ਸੁੰਦਰੇਸ਼ ਅਤੇ ਜਸਟਿਸ ਪ੍ਰਸੰਨਾ ਬੀ. ਵਰਾਲੇ ਦੀ ਬੈਂਚ ਨੇ ਦੋਸ਼ੀ ਇਰਫ਼ਾਨ ਸਿਰਾਜ ਪਾੜਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤਾ। ਪਟੀਸ਼ਨਰ ਦੀ ਸਿਹਤ ਸਥਿਤੀ ਦਾ ਹਵਾਲਾ ਦਿੰਦੇ ਹੋਏ, ਉਸ ਦੇ ਵਕੀਲ ਨੇ ਕਿਹਾ ਕਿ ਪਾੜਾ 18 ਸਾਲਾਂ ਤੋਂ ਜੇਲ ਵਿਚ ਹੈ।
ਗੁਜਰਾਤ ਸਰਕਾਰ ਦੇ ਵਕੀਲ ਨੇ ਪਟੀਸ਼ਨ ਦਾ ਵਿਰੋਧ ਨਹੀਂ ਕੀਤਾ। ਬੈਂਚ ਨੇ ਕਿਹਾ ਕਿ ਉਪਰੋਕਤ ਤੱਥਾਂ ਨੂੰ ਦੇਖਦੇ ਹੋਏ, ਅਸੀਂ ਪਟੀਸ਼ਨਰ ਦੀ ਸਜ਼ਾ ਸਿਰਫ਼ ਸਿਹਤ ਦੇ ਆਧਾਰ ’ਤੇ ਮੁਅੱਤਲ ਕਰਨ ਦੇ ਇੱਛੁਕ ਹਾਂ। ਗੁਜਰਾਤ ਦੇ ਗੋਧਰਾ ਵਿਚ 27 ਫਰਵਰੀ 2002 ਨੂੰ ਸਾਬਰਮਤੀ ਐਕਸਪ੍ਰੈੱਸ ਦੀ ਇਕ ਬੋਗੀ ਵਿਚ ਕੀਤੀ ਗਈ ਸਾੜਫੂਕ ਵਿਚ 59 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸੂਬੇ ਵਿਚ ਦੰਗੇ ਭੜਕ ਗਏ ਸਨ।
ਟਰੇਨ ਅਗਨੀਕਾਂਡ ਮਾਮਲੇ ਵਿਚ ਮਾਰਚ 2002 ਵਿਚ ਗ੍ਰਿਫ਼ਤਾਰ ਕੀਤੇ ਗਏ ਇਰਫ਼ਾਨ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ। ਇਹ ਅਰਜ਼ੀ ਗੁਜਰਾਤ ਹਾਈ ਕੋਰਟ ਦੇ ਅਕਤੂਬਰ 2017 ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਉਸ ਦੀ ਪੈਂਡਿੰਗ ਅਪੀਲ ਵਿਚ ਦਾਇਰ ਕੀਤੀ ਗਈ ਸੀ।
