ਕੋਵਿਡ-19 ਨੂੰ ਰੋਕਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਮਿਸਟ ਸੈਨੇਟਾਈਜਰ ਟਨਲ

Friday, Apr 24, 2020 - 10:34 PM (IST)

ਕੋਵਿਡ-19 ਨੂੰ ਰੋਕਣ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਮਿਸਟ ਸੈਨੇਟਾਈਜਰ ਟਨਲ

ਨਵੀਂ ਦਿੱਲੀ (ਸੁਨੀਲ ਪਾਂਡੇ) - ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਕੀਤਾ ਜਾ ਰਿਹਾ ਮਿਸਟ ਸੈਨੇਟਾਈਰ ਟਨਲ ਦੀ ਵਰਤੋਂ ਸੁਰੱਖਿਅਤ ਹੈ। ਭਾਰਤੀ ਵਿਗਿਆਨੀਆਂ ਨੇ ਨਵੇਂ ਸਿਰੇ ਤੋਂ ਪਰੀਖਣ ਕਰ ਕੇ ਇਸ ਦੇ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਹੈ। ਕਾਉਂਸਲ ਆਫ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ (ਸੀ. ਐੱਸ. ਆਈ. ਆਰ.) ਦੀ ਪੁਣੇ ਸਥਿਤ ਪ੍ਰਯੋਗਸ਼ਾਲਾ ਨੈਸ਼ਨਲ ਕੈਮੀਕਲ ਲੈਬੋਰਟਰੀ (ਐੱਨ. ਸੀ. ਐੱਲ.) ਦੀ ਇਕ ਤਾਜ਼ਾ ਖੋਜ ਤੋਂ ਬਾਅਦ ਵਿਗਿਆਨੀਆਂ ਨੇ ਇਹ ਗੱਲ ਕਹੀ ਹੈ।

ਵਿਗਿਆਨੀਆਂ ਮੁਤਾਬਕ ਇਨਫੈਕਸ਼ਨ ਹਟਾਉਣ ਲਈ ਮਿਸਟ ਸੈਨੇਟਾਈਜਰ ਟਨਲ ’ਚ ਕੋਹਰੇ ਦੀ ਫੁਹਾਰ ਵਰਗੀਆਂ ਸੂਖਮ ਬੂੰਦਾਂ ਦੇ ਰੂਪ ’ਚ ਰਸਾਇਣਾਂ ਦੀ ਇਕ ਨਿਸ਼ਚਿਤ ਮਾਤਰਾ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਟਨਲ ਦੇ ਅੰਦਰੋਂ ਹੋ ਕੇ ਲੰਘਣ ’ਤੇ ਸੋਡੀਅਮ ਹਾਈਪੋਕਲੋਰਾਈਟ ਦੀ ਨਿਰਧਾਰਤ ਮਾਤਰਾ ਦੀ ਵਰਤੋਂ ਇਨਫੈਕਸ਼ਨ ਹਟਾਉਣ ਲਈ ਕੀਤੀ ਜਾਂਦੀ ਹੈ। ਸੀ. ਐੱਸ. ਆਈ. ਆਰ.-ਐੱਨ. ਸੀ. ਐੱਲ. ਦੇ ਵਿਗਿਆਨੀਆਂ ਨੇ ਸੋਡੀਅਮ ਹਾਈਪਕਲੋਰਾਈਟ ਦੀਆਂ ਵੱਖ-ਵੱਖ ਇਕਾਗਰਤਾਵਾਂ ਦਾ ਮੁਲਾਂਕਣ ਕਰਨ ’ਤੇ ਮਿਸਟ ਸੈਨੇਟਾਈਜਰ ਟਨਲ ’ਚ ਇਸ ਦੇ ਉਪਯੋਗ ਨੂੰ ਸੁਰੱਖਿਅਤ ਪਾਇਆ ਹੈ। ਸੋਡੀਅਮ ਹਾਈਪਕਲੋਰਾਈਟ ਦੇ ਪ੍ਰਭਾਵ, ਜਿਸ ਨੂੰ ਹਾਈਪੋ ਜਾਂ ਬਲੀਚ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ, ਦਾ 0.02 ਤੋਂ 0.5 ਫੀਸਦੀ ਭਾਰ ਦੀ ਇਕਾਗਰਤਾ ਨਾਲ ਮਿਸਟ ਸੈਨੇਟਾਈਜਰ ਟਨਲ ਇਕਾਈ ਦੇ ਅੰਦਰੋਂ ਹੋ ਕੇ ਲੰਘਣ ਵਾਲੇ ਕਰਮਚਾਰੀਆਂ ’ਤੇ ਅਧਿਐਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਿਸਟ ਸੈਨੇਟਾਈਜਰ ਦੇ ਟਨਲ ਦੇ ਸੰਪਰਕ ’ਚ ਆਉਣ ਤੋਂ ਪਹਿਲਾਂ ਅਤੇ ਬਾਅਦ ’ਚ ਸੂਖਮਜੀਵਾਂ ਖਿਲਾਫ ਜੀਵਾਣੂਰੋਧੀ ਗਤੀਵਿਧੀ ਦਾ ਮੁਲਾਂਕਣ ਕੀਤਾ ਗਿਆ ਹੈ।

ਵਿਗਿਆਨੀਆਂ ਮੁਤਾਬਕ ਇਸ ਅਧਿਐਨ ਤੋਂ ਪਤਾ ਲੱਗਾ ਹੈ ਕਿ 0.02 ਤੋਂ 0.05 ਫੀਸਦੀ ਭਾਰ ਦੀ ਇਕਾਗਰਤਾ ਚਮੜੀ ’ਤੇ ਕੋਈ ਉਲਟ ਪ੍ਰਭਾਵ ਪਾਏ ਬਿਨਾਂ ਰੋਗਾਣੂਆਂ ਨੂੰ ਨਸ਼ਟ ਕਰ ਸਕਦੀ ਹੈ। ਇਸੇ ਆਧਾਰ ’ਤੇ ਵਿਗਿਆਨੀ ਮਿਸਟ ਸੈਨੇਟਾਈਜਰ ’ਚ 0.02 ਤੋਂ 0.05 ਫੀਸਦੀ ਭਾਰ ਦੀ ਇਕਾਗਰਤਾ ’ਚ ਹਾਈਪੋਕਲੋਰਾਈਟ ਦੀ ਵਰਤੋਂ ਕਰਨ ਦੀ ਸਲਾਹ ਦੇ ਰਹੇ ਹਨ।

ਇਸ ਤੋਂ ਇਲਾਵਾ ਵਿਗਿਆਨੀਆਂ ਨੇ ਇਨਫੈਕਸ਼ਨ ਦੇ ਸੰਪਰਕ ਦੀ ਵੱਖ-ਵੱਖ ਪ੍ਰਕ੍ਰਿਤੀ ਮੁਤਾਬਕ ਹਾਈਪੋਕਲੋਰਾਈਟ ਦੀਆਂ ਵੱਖ-ਵੱਖ ਇਕਾਗਰਤਾਵਾਂ ਦੀ ਸਿਫਾਰਿਸ਼ ਕੀਤੀ ਹੈ। ਹਾਈਪੋਕਲੋਰਾਈਟ ਦੀ 0.5 ਫੀਸਦੀ ਇਕਾਗਰਤਾ ਦੇ ਮਿਸ਼ਰਣ ਦੇ ਛਿੜਕਾਅ ਦੀ ਸਿਫਾਰਿਸ਼ ਉਨ੍ਹਾਂ ਲੋਕਾਂ ’ਤੇ ਕਰਨ ਲਈ ਕੀਤੀ ਗਈ ਹੈ ਜੋ ਵੱਧ ਆਬਾਦੀ ਦਰਮਿਆਨ ਰਹਿ ਕੇ ਕੋਵਿਡ-19 ਖਿਲਾਫ ਕੰਮ ਕਰ ਰਹੇ ਹਨ। ਇਸੇ ਤਰ੍ਹਾਂ 0.2 ਫੀਸਦੀ ਮਾਤਰਾ ਦੀ ਵਰਤੋਂ ਆਮ ਤੌਰ ’ਤੇ ਦਫਤਰਾਂ ਜਾਂ ਫੈਕਟਰੀ ’ਚ ਕੀਤੀ ਜਾ ਸਕਦੀ ਹੈ। ਹਾਲਾਂਕਿ ਘਰ ਵਰਗੇ ਪੂਰੀ ਤਰ੍ਹਾਂ ਇਕਾਂਤਵਾਸ ਰਹਿਣ ਵਾਲੇ ਸਥਾਨਾਂ ’ਤੇ ਇਸ ਸੈਨੇਟਾਈਜਰ ਦੀ ਵਰਤੋਂ ਦੀ ਲੋੜ ਨਹੀਂ ਹੈ।

ਸੋਡੀਅਮ ਹਾਈਪੋਕਲੋਰਾਈਟ ਦੇ ਮਾੜੇ ਪ੍ਰਭਾਵ ਨਾ ਹੋਣ ਦੇ ਬਾਵਜੂਦ ਸੀ. ਐੱਸ. ਆਈ. ਆਰ. -ਐੱਨ. ਸੀ. ਐੱਲ. ਦੇ ਵਿਗਿਆਨੀਆਂ ਨੇ ਕਿਹਾ ਕਿ ਟਨਲ ’ਚੋਂ ਲੰਘਣ ਦੌਰਾਨ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਫੇਸ ਸ਼ੀਲਡ ਜਾਂ ਸੇਫਟੀ ਗਾਗਲਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਟਨਲ ’ਚੋਂ ਲੰਘ ਕੇ ਸੈਨੇਟਾਈਜ ਕਰਨ ਦੀ ਪ੍ਰਕਿਰਿਆ ਹੈਂਡ-ਸੈਨੇਟਾਈਜਰ ਜਾਂ ਸਾਬੁਣ ਨਾਲ ਹੱਥ ਧੋਣ ਤੋਂ ਬਾਅਦ ਪੂਰੀ ਹੁੰਦੀ ਹੈ।

ਟਨਲ ’ਚ ਇਸਤੇਮਾਲ ਹੋ ਰਹੇ ਰਸਾਇਣ ’ਤੇ ਉਠੇ ਸਨ ਸਵਾਲ

ਦੱਸ ਦਈਏ ਕਿ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਮੁੱਢਲੀ ਲਾਈਨ ’ਚ ਤਾਇਨਾਤ ਸਿਹਤ ਕਰਮਚਾਰੀਆਂ, ਡਾਕਟਰਾਂ, ਪੁਲਸ ਅਤੇ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਕਰਮਚਰੀਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਕੁਝ ਸਥਾਨਾਂ ’ਤੇ ਮਿਸਟ ਸੈਨੇਟਾਈਜਰ ਟਨਲ ਦੀ ਵਰਤੋਂ ਹੋ ਰਹੀ ਹੈ। ਪਰ ਇਸ ਟਨਲ ’ਚ ਛਿੜਕਾਅ ਲਈ ਵਰਤੇ ਜਾਣ ਵਾਲੇ ਰਸਾਇਣ ਸੋਡੀਅਮ ਹਾਈਪੋਕਲੋਰਾਈਟ ਦੇ ਮਾੜੇ ਪ੍ਰਭਾਵਾਂ ਦਾ ਹਵਾਲਾ ਦਿੰਦੇ ਹੋਏ ਕਈ ਏਜੰਸੀਆਂ ਨੇ ਇਸ ਦੇ ਖਿਲਾਫ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਐਲਰਜੀ ਹੈ ਤਾਂ ਬੀ. ਕੇ. ਸੀ. ਆਧਾਰਿਤ ਸਲਿਊਸ਼ਨ ਦਾ ਕਰੋ ਛਿੜਕਾਅ

ਸੀ. ਐੱਸ. ਆਈ. ਆਈ.-ਐੱਨ. ਸੀ. ਐੱਲ. ਦੇ ਡਾਇਰੈਕਟਰ ਪ੍ਰੋਫੈਸਰ ਅਸ਼ਵਨੀ ਕੁਮਾਰ ਨਾਂਗੀਆ ਅਤੇ ਆਈ. ਸੀ. ਟੀ. ਮੁੰਬਈ ਦੇ ਵਾਈਸ ਚਾਂਸਲਰ ਪ੍ਰੋਫੈਸਰ ਏ. ਬੀ. ਪੰਡਿਤ ਨੇ ਦੱਸਿਆ ਹੈ ਕਿ ਹਰ ਚੀਜ਼ ਦੀ ਇਕ ਨਿਰਧਾਰਤ ਪ੍ਰਕਿਰਿਆ ਹੁੰਦੀ ਹੈ ਅਤੇ ਰਸਾਇਣਾਂ ਦੇ ਉਪਯੋਗ ’ਤੇ ਇਹ ਗੱਲ ਸਭ ਤੋਂ ਵੱਧ ਲਾਗੂ ਹੁੰਦੀ ਹੈ। ਕਈ ਸਥਾਨਾਂ ’ਤੇ ਮਿਸਟ ਸੈਨੇਟਾਈਜਰ ’ਚ ਨਿਰਧਾਰਤ ਮਾਤਰਾ ਤੋਂ 100 ਗੁਣਾ ਵੱਧ ਤੱਕ ਸੋਡੀਅਮ ਹਾਈਪੋਕਲੋਰਾਈਟ ਦੀ ਵਰਤੋਂ ਕੀਤੀ ਗਈ, ਜਿਸ ਨਾਲ ਨੁਕਸਾਨ ਸੁਭਾਵਿਕ ਹੈ। ਜੇ ਕਿਸੇ ਨੂੰ ਸੋਡੀਮ ਹਾਈਪੋਕਲੋਰਾਈਟ ਤੋਂ ਐਲਰਜੀ ਹੈ ਤਾਂ ਉਸ ਲਈ ਵੀ ਆਈ. ਸੀ. ਟੀ. ਮੁੰਬਈ ਨੇ ਇਕ ਬਦਲ ਦਾ ਸੁਝਾਅ ਦਿੱਤਾ ਹੈ। ਅਜਿਹੇ ਲੋਕਾਂ ਨੂੰ ਇਨਫੈਕਸ਼ਨ ਰਹਿਤ ਕਰਨ ਲਈ ਬੇਂਜੈਲਕੋਨਿਯਮ ਕਲੋਰਾਈਡ (ਬੀ. ਕੇ. ਸੀ.) ਆਧਾਰਿਤ ਸਲਿਊਸ਼ਨ ਦਾ ਛਿੜਕਾਅ ਕੀਤਾ ਜਾ ਸਕਦਾ ਹੈ।


author

Inder Prajapati

Content Editor

Related News