ਚੰਦਰਯਾਨ-3 ਦੀ ‘ਸਾਫਟ ਲੈਂਡਿੰਗ’ ਦਾ ਸਿੱਧਾ ਪ੍ਰਸਾਰਣ ਵੇਖ ਸਕਣਗੇ ਦੇਸ਼ ਵਾਸੀ

Monday, Aug 21, 2023 - 08:58 AM (IST)

ਚੰਦਰਯਾਨ-3 ਦੀ ‘ਸਾਫਟ ਲੈਂਡਿੰਗ’ ਦਾ ਸਿੱਧਾ ਪ੍ਰਸਾਰਣ ਵੇਖ ਸਕਣਗੇ ਦੇਸ਼ ਵਾਸੀ

ਬੈਂਗਲੂਰੂ- ਪੁਲਾੜ ਖੋਜ ’ਚ ਭਾਰਤ ਦੀ ਕੋਸ਼ਿਸ਼ ਨੂੰ 23 ਅਗਸਤ ਨੂੰ ਉਸ ਸਮੇਂ ਰਿਕਾਰਡ ਸਫਲਤਾ ਮਿਲ ਜਾਵੇਗੀ ਜਦੋਂ ਇਸ ਦਾ ਚੰਦਰਯਾਨ-3 ਮਿਸ਼ਨ ਚੰਦਰਮਾ ਦੀ ਸਤ੍ਹਾ ’ਤੇ ‘ਸਾਫਟ ਲੈਂਡਿੰਗ’ ਕਰੇਗਾ ਅਤੇ ਇਸ ਦਾ ਕਈ ਮੰਚਾਂ ’ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਇਹ ਪ੍ਰਾਪਤੀ ਭਾਰਤੀ ਵਿਗਿਆਨ, ਇੰਜੀਨੀਅਰਿੰਗ, ਤਕਨਾਲੋਜੀ ਅਤੇ ਉਦਯੋਗ ਲਈ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੋਵੇਗੀ, ਜੋ ਪੁਲਾੜ ਖੋਜ ’ਚ ਭਾਰਤ ਦੀ ਤਰੱਕੀ ਦਾ ਪ੍ਰਤੀਕ ਹੋਵੇਗੀ। ਪੂਰਾ ਦੇਸ਼ ਚੰਦਰਯਾਨ-3 ਨੂੰ ‘ਸਾਫਟ ਲੈਂਡਿੰਗ’ ’ਚ ਸਫਲ ਹੁੰਦੇ ਵੇਖਣਾ ਚਾਹੁੰਦਾ ਹੈ। ਇਸ ਮਹੱਤਵਪੂਰਨ ਘਟਨਾਕ੍ਰਮ ਦਾ ਸਿੱਧਾ ਪ੍ਰਸਾਰਣ 23 ਅਗਸਤ, 2023 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 17.27 ਵਜੇ ਸ਼ੁਰੂ ਕੀਤਾ ਜਾਵੇਗਾ। ‘ਸਾਫਟ-ਲੈਂਡਿੰਗ’ ਦਾ ਸਿੱਧਾ ਪ੍ਰਸਾਰਣ ਇਸਰੋ ਦੀ ਵੈੱਬਸਾਈਟ, ਇਸ ਦੇ ਯੂ-ਟਿਊਬ ਚੈਨਲ, ਇਸਰੋ ਦੇ ਫੇਸਬੁਕ ਪੇਜ ਅਤੇ ਡੀ. ਡੀ. ਨੈਸ਼ਨਲ ਟੀ. ਵੀ. ਚੈਨਲ ਸਮੇਤ ਕਈ ਮੰਚਾਂ ’ਤੇ ਮੁਹੱਈਆ ਹੋਵੇਗਾ।

ਇਹ ਵੀ ਪੜ੍ਹੋ : ਚੰਨ ਤੋਂ ਸਿਰਫ਼ 25 ਕਿਲੋਮੀਟਰ ਦੂਰ ਹੈ ਚੰਦਰਯਾਨ-3, ਹੁਣ 23 ਅਗਸਤ ਨੂੰ ਸਾਫ਼ਟ ਲੈਂਡਿੰਗ ਦਾ ਇੰਤਜ਼ਾਰ

ਇਸਰੋ ਨੇ ਕਿਹਾ ਕਿ ਚੰਦਰਯਾਨ-3 ਦੀ ‘ਸਾਫਟ ਲੈਂਡਿੰਗ’ ਇਕ ਯਾਦਗਾਰ ਪਲ ਹੋਵੇਗੀ, ਜੋ ਨਾ ਸਿਰਫ ਉਤਸੁਕਤਾ ਨੂੰ ਵਧਾਉਂਦੀ ਹੈ, ਸਗੋਂ ਸਾਡੇ ਨੌਜਵਾਨਾਂ ਦੇ ਮਨ ’ਚ ਖੋਜ ਲਈ ਜਨੂੰਨ ਵੀ ਜਗਾਉਂਦੀ ਹੈ। ਇਸਰੋ ਨੇ ਇਸ ਦੇ ਸਬੰਧ ’ਚ,ਸਮੁੱਚੇ ਦੇਸ਼ ਦੇ ਸਾਰੇ ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਪ੍ਰੋਗਰਾਮ ਨੂੰ ਸਰਗਰਮ ਰੂਪ ’ਚ ਪ੍ਰਚਾਰਿਤ ਕਰਨ ਅਤੇ ਆਪਣੇ ਕੰਪਲੈਕਸਾਂ ’ਚ ਚੰਦਰਯਾਨ-3 ਦੀ ‘ਸਾਫਟ ਲੈਂਡਿੰਗ’ ਦਾ ਸਿੱਧਾ ਪ੍ਰਸਾਰਣ ਵਿਖਾਉਣ ਲਈ ਸੱਦਾ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਚੰਦਰਯਾਨ-3 : ਲੈਂਡਰ ਮਾਡਿਊਲ ਦੀ ਸਥਿਤੀ ਆਮ, ਚੰਦਰਮਾ ਦੇ ਕਰੀਬ ਪਹੁੰਚਿਆ

ਇਸਰੋ ਨੇ ਲੈਂਡਰ ਮਾਡਿਊਲ ਨੂੰ ਗ੍ਰਹਿਪੰਧ ’ਚ ਥੋੜ੍ਹਾ ਹੋਰ ਹੇਠਾਂ ਪਹੁੰਚਾਇਆ, ਚੰਦਰਮਾ ਦੇ ਕਾਫ਼ੀ ਕਰੀਬ ਪੁੱਜਾ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਚੰਦਰਯਾਨ-3 ਮਿਸ਼ਨ ਦੇ ਲੈਂਡਰ ਮਾਡਿਊਲ (ਐੱਲ. ਐੱਮ.) ਨੂੰ ਗ੍ਰਹਿਪੰਧ ’ਚ ਥੋੜ੍ਹਾ ਹੋਰ ਹੇਠਾਂ ਸਫਲਤਾਪੂਰਵਕ ਪਹੁੰਚਾ ਦਿੱਤਾ, ਜਿਸ ਨਾਲ ਇਹ ਚੰਦਰਮਾ ਦੇ ਹੋਰ ਨੇੜੇ ਆ ਗਿਆ ਹੈ। ਇਸਰੋ ਨੇ ਕਿਹਾ ਕਿ ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਨਾਲ ਲੈਸ ਲੈਂਡਰ ਮਾਡਿਊਲ ਦੇ 23 ਅਗਸਤ ਦੀ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ ’ਤੇ ਪੁੱਜਣ ਦੀ ਉਮੀਦ ਹੈ। 

ਇਸਰੋ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (ਪਹਿਲਾਂ ਟਵਿੱਟਰ) ’ਤੇ ਲਿਖਿਆ, ‘‘ਦੂਜੇ ਅਤੇ ਅੰਤਿਮ ਡੀਬੂਸਟਿੰਗ (ਗਤੀ ਮੱਧਮ ਕਰਨ ਦੀ ਪ੍ਰਕਿਰਿਆ) ਆਪ੍ਰੇਸ਼ਨ ’ਚ ਲੈਂਡਰ ਮਾਡਿਊਲ ਸਫਲਤਾਪੂਰਵਕ ਗ੍ਰਹਿਪੰਧ ’ਚ ਹੋਰ ਹੇਠਾਂ ਆ ਗਿਆ ਹੈ। ਮਾਡਿਊਲ ਹੁਣ ਅੰਦਰੂਨੀ ਜਾਂਚ ਪ੍ਰਕਿਰਿਆ ’ਚੋਂ ਲੰਘੇਗਾ। ਚੰਦਰਮਾ ਦੇ ਦੱਖਣੀ ਧਰੁਵ ’ਤੇ ‘ਸਾਫਟ ਲੈਂਡਿੰਗ’ 23 ਅਗਸਤ 2023 ਸ਼ਾਮ 5 ਵੱਜ ਕੇ 45 ਮਿੰਟ ’ਤੇ ਹੋਣ ਦੀ ਉਮੀਦ ਹੈ।’’ ਚੰਦਰਯਾਨ-3 ਦੇ ਲੈਂਡਰ ਮਾਡਿਊਲ ਅਤੇ ਪ੍ਰੋਪਲਸ਼ਨ ਮਾਡਿਊਲ 14 ਜੁਲਾਈ ਨੂੰ ਮਿਸ਼ਨ ਦੀ ਸ਼ੁਰੂਆਤ ਹੋਣ ਤੋਂ 35 ਦਿਨ ਬਾਅਦ ਵੀਰਵਾਰ ਨੂੰ ਸਫਲਤਾਪੂਰਵਕ ਵੱਖ ਹੋ ਗਏ ਸਨ।

ਇਹ ਵੀ ਪੜ੍ਹੋ:  ਪਹਿਲਾ ਸੂਰਜ ਮਿਸ਼ਨ ‘ਆਦਿਤਿਆ-ਐੱਲ 1’ ਆਪਣੇ ਨਾਲ ਲੈ ਕੇ ਜਾਵੇਗਾ 7 ਤਰ੍ਹਾਂ ਦੇ ਵਿਗਿਆਨਿਕ ਪੇਲੋਡ

ਇਸਰੋ ਦੇ ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਪ੍ਰੋਪਲਸ਼ਨ ਮਾਡਿਊਲ ਨਾਲੋਂ ਵੱਖ ਹੋਏ ਲੈਂਡਰ ਨੂੰ ਇਕ ਅਜਿਹੇ ਗ੍ਰਹਿਪੰਧ ’ਚ ਲਿਆਉਣ ਲਈ ‘ਡੀਬੂਸਟ’ ਪ੍ਰਕਿਰਿਆ ’ਚੋਂ ਲੰਘਾਇਆ ਜਾਵੇਗਾ, ਜਿੱਥੇ ਪੇਰਿਲਿਊਨ (ਚੰਦਰਮਾ ਤੋਂ ਗ੍ਰਹਿਪੰਧ ਦਾ ਸਭ ਤੋਂ ਨੇੜਲਾ ਬਿੰਦੂ) 30 ਕਿਲੋਮੀਟਰ ਅਤੇ ਅਪੋਲਿਊਨ (ਚੰਦਰਮਾ ਤੋਂ ਸਭ ਤੋਂ ਦੂਰ ਦਾ ਬਿੰਦੂ) 100 ਕਿ. ਮੀ. ਦੀ ਦੂਰੀ ’ਤੇ ਹੋਵੇਗਾ, ਜਿੱਥੋਂ ਚੰਦਰਮਾ ਦੇ ਦੱਖਣੀ ਧਰੁਵ ਖੇਤਰ ’ਤੇ ‘ਸਾਫਟ ਲੈਂਡਿੰਗ’ ਦੀ ਕੋਸ਼ਿਸ਼ ਕੀਤੀ ਜਾਵੇਗੀ। ਚੰਦਰਯਾਨ-3 ਨੇ 14 ਜੁਲਾਈ ਨੂੰ ਲਾਂਚਿੰਗ ਤੋਂ ਬਾਅਦ 5 ਅਗਸਤ ਨੂੰ ਚੰਦਰਮਾ ਦੀ ਗ੍ਰਹਿਪੰਧ ’ਚ ਪ੍ਰਵੇਸ਼ ਕੀਤਾ ਸੀ। ਬੀਤੀ 1 ਅਗਸਤ ਨੂੰ ਇਕ ਮਹੱਤਵਪੂਰਨ ਕਵਾਇਦ ’ਚ ਪੁਲਾੜ ਗੱਡੀ ਨੂੰ ਧਰਤੀ ਦੇ ਗ੍ਰਹਿਪੰਧ ਤੋਂ ਸਫਲਤਾਪੂਰਵਕ ਚੰਦਰਮਾ ਵੱਲ ਭੇਜਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News