ਕਰ ਲਓ ਤੌਬਾ! ਜਵਾਕਾਂ ਹੱਥ ਵਾਹਨ ਫੜ੍ਹਾਉਣ ਵਾਲਿਆਂ ਨੂੰ 3 ਸਾਲ ਦੀ ਹੋਵੇਗੀ ਜੇਲ੍ਹ
Sunday, Nov 17, 2024 - 05:19 PM (IST)
ਸ਼੍ਰੀਨਗਰ- ਸੜਕ ਹਾਦਸਿਆਂ ਦੀਆਂ ਵਧਦੀਆਂ ਘਟਨਾਵਾਂ ਦਰਮਿਆਨ ਟ੍ਰੈਫਿਕ ਪੁਲਸ ਨੇ ਮਾਪਿਆਂ ਅਤੇ ਵਾਹਨਾਂ ਦੇ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਦੋ ਜਾਂ ਚਾਰ ਪਹੀਆ ਵਾਹਨ ਚਲਾਉਣ ਦੀ ਆਗਿਆ ਨਾ ਦੇਣ। ਅਜਿਹਾ ਨਾ ਕਰਨ 'ਤੇ 3 ਸਾਲ ਦੀ ਕੈਦ ਅਤੇ 25,000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ। ਦੱਸ ਦੇਈਏ ਕਿ ਦੇਸ਼ ਦੇ ਹੋਰ ਸੂਬਿਆਂ ਵਾਂਗ ਸ਼੍ਰੀਨਗਰ ਅਤੇ ਕਸ਼ਮੀਰ ਘਾਟੀ 'ਚ ਵੀ ਸੜਕ ਹਾਦਸੇ ਵਧੇ ਹਨ। ਹਾਲ ਹੀ ਵਿਚ ਸ਼੍ਰੀਨਗਰ ਅਤੇ ਕਸ਼ਮੀਰ ਘਾਟੀ ਦੇ ਹੋਰ ਹਿੱਸਿਆਂ 'ਚ ਭਿਆਨਕ ਸੜਕ ਹਾਦਸਿਆਂ 'ਚ ਦੋ-ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਵਾਲੇ ਕਈ ਨਾਬਾਲਗਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਕਦਮ ਚੁੱਕੇ ਹਨ।
ਇਹ ਵੀ ਪੜ੍ਹੋ- ਔਰਤਾਂ ਦੇ ਖਾਤੇ 'ਚ ਆਉਣਗੇ 2100 ਰੁਪਏ
ਕਸ਼ਮੀਰ ਦੇ ਸੀਨੀਅਰ ਪੁਲਸ ਸੁਪਰਡੈਂਟ ਰਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਟ੍ਰੈਫਿਕ ਪੁਲਸ ਨੇ ਮਾਪਿਆਂ ਅਤੇ ਵਾਹਨਾਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਸਕੂਟਰ ਜਾਂ ਚਾਰ ਪਹੀਆ ਚਲਾਉਣ ਦੀ ਆਗਿਆ ਨਾ ਦੇਣ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਟ੍ਰੈਫਿਕ ਪੁਲਸ ਨੇ ਆਵਾਜਾਈ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ ਵਿਚ ਸ਼੍ਰੀਨਗਰ ਵਿਚ ਦੋ-ਪਹੀਆ ਵਾਹਨਾਂ ਸਮੇਤ 3000 ਤੋਂ ਵੱਧ ਵਾਹਨਾਂ ਨੂੰ ਜ਼ਬਤ ਕੀਤਾ। ਟ੍ਰੈਫਿਕ ਪੁਲਸ ਵਲੋਂ ਜਾਰੀ ਸਲਾਹ 'ਚ ਕਿਹਾ ਗਿਆ ਹੈ ਕਿ ਸਾਰੇ ਸਕੂਲ ਅਧਿਕਾਰੀਆਂ, ਨਿੱਜੀ ਕੋਚਿੰਗ ਸੰਸਥਾਵਾਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਿਦਿਆਰਥੀਆਂ ਜਾਂ ਨਾਬਾਲਗ ਬੱਚਿਆਂ ਨੂੰ ਦੋ-ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣ ਦੀ ਆਗਿਆ ਨਾ ਦੇਣ।
ਇਹ ਵੀ ਪੜ੍ਹੋ- ਕੈਲਾਸ਼ ਗਹਿਲੋਤ ਦੇ ਅਸਤੀਫ਼ੇ ਮਗਰੋਂ ਭਾਜਪਾ ਦੇ ਇਸ ਦਿੱਗਜ਼ ਆਗੂ ਨੇ ਫੜਿਆ 'ਆਪ' ਦਾ ਪੱਲਾ
ਸਲਾਹ ਵਿਚ ਕਿਹਾ ਗਿਆ ਹੈ ਕਿ ਨਾਬਾਲਗ ਨੂੰ ਵਾਹਨ ਚਲਾਉਣ ਦੀ ਆਗਿਆ ਦੇਣਾ ਇਕ ਗੰਭੀਰ ਅਪਰਾਧ ਹੈ ਅਤੇ ਮੋਟਰ ਵਾਹਨ ਐਕਟ 1988 ਦੀ ਧਾਰਾ-199 ਏ ਤਹਿਤ ਨਾਬਾਲਗ ਦੇ ਮਾਪਿਆਂ ਜਾਂ ਮੋਟਰ ਵਾਹਨ ਦੇ ਮਾਲਕ ਖਿਲਾਫ਼ ਸਜ਼ਾਯੋਗ ਅਪਰਾਧ ਦਾ ਆਧਾਰ ਬਣਦਾ ਹੈ। ਇਸ ਵਿਚ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਅਪਰਾਧ ਨੂੰ ਅੰਜ਼ਾਮ ਦੇਣ ਵਿਚ ਇਸਤੇਮਾਲ ਕੀਤੇ ਗਏ ਵਾਹਨਾਂ ਦਾ ਰਜਿਸਟ੍ਰੇਸ਼ਨ 12 ਮਹੀਨਿਆਂ ਦੇ ਸਮੇਂ ਲਈ ਰੱਦ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਚਰਚਾ 'ਚ ਆਰਮੀ ਕੈਪਟਨ ਦਾ ਵਿਆਹ, ਸ਼ਗਨ 'ਚ ਲਿਆ ਇਕ ਰੁਪਇਆ