2 ਵਿਧਾਇਕਾਂ ਸਣੇ ਲਿਫਟ ’ਚ ਫਸ ਗਏ ਮੰਤਰੀ ਸਾਬ੍ਹ, ਫਿਰ ਇੰਝ ਕੱਢਿਆ ਬਾਹਰ
Tuesday, Nov 19, 2024 - 11:18 PM (IST)
ਚੰਡੀਗੜ੍ਹ, (ਬਾਂਸਲ/ਪਾਂਡੇ)- ਹਰਿਆਣਾ ਦੇ ਪੰਚਕੂਲਾ ਸਥਿਤ ਭਾਜਪਾ ਦੇ ਪੰਚਕਮਲ ਦਫ਼ਤਰ ਵਿਚ ਵਿਧਾਇਕ ਦਲ ਦੀ ਮੀਟਿੰਗ ਲਈ ਜਾਂਦੇ ਸਮੇਂ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ, ਵਿਧਾਇਕ ਰਣਧੀਰ ਤੇ ਉਮੇਦ ਮੰਗਲਵਾਰ ਲਿਫਟ ਵਿਚ ਫਸ ਗਏ।
ਇਸ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਹਰਕਤ ’ਚ ਆ ਗਿਆ ਤੇ ਲਿਫਟ ਦੇ ਅੰਦਰ ਹੀ ਪਾਣੀ ਅਤੇ ਹੋਰ ਜ਼ਰੂਰੀ ਸਾਮਾਨ ਪਹੁੰਚਾ ਦਿੱਤਾ ਗਿਆ। ਕਰੀਬ 25 ਮਿੰਟ ਤੱਕ ਉਹ ਲਿਫਟ ’ਚ ਫਸੇ ਰਹੇ।
ਇਸ ਤੋਂ ਬਾਅਦ ਗੇਟ ਦੇ ਗੈਪ ਰਾਹੀਂ ਸਾਰਿਆਂ ਨੂੰ ਖਿੱਚ ਕੇ ਬਾਹਰ ਕੱਢਿਆ ਗਿਆ। ਇਸ ਦੇ ਨਾਲ ਹੀ ਲਿਫਟ ਦਾ ਸੰਚਾਲਣ ਰੋਕ ਦਿੱਤਾ ਗਿਆ ਤੇ ਬਾਹਰ ਨੋਟਿਸ ਲਾ ਦਿੱਤਾ ਗਿਆ।
ਹਾਲਾਂਕਿ ਮੰਤਰੀ ਦੇ ਇਸ ਤਰ੍ਹਾਂ ਲਿਫਟ 'ਚ ਫਸ ਜਾਣ ਕਾਰਨ ਲਿਫਟ ਦੇ ਰੱਖ-ਰਖਾਅ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਸਵਾਲ ਪੁੱਛੇ ਜਾ ਰਹੇ ਹਨ ਕਿ ਲਿਫਟ ਅੱਧ ਵਿਚਾਲੇ ਕਿਵੇਂ ਰੁਕ ਗਈ। ਕੀ ਇਸਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ ਸੀ? ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ?
ਫਿਲਹਾਲ ਮੰਤਰੀ ਸ਼ਿਆਮ ਸਿੰਘ ਰਾਣਾ ਦੇ ਲਿਫਟ 'ਚ ਫਸ ਜਾਣ ਤੋਂ ਬਾਅਦ ਲਿਫਟ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਬਾਹਰ ਨੋਟਿਸ ਵੀ ਚਿਪਕਾਇਆ ਗਿਆ ਹੈ। ਹੁਣ ਇਸ ਦੀ ਮੁਰੰਮਤ ਤੋਂ ਬਾਅਦ ਹੀ ਲਿਫਟ ਨੂੰ ਲੋਕਾਂ ਲਈ ਖੋਲ੍ਹਿਆ ਜਾਵੇਗਾ।
ਦੱਸ ਦਈਏ ਕਿ ਵਿਧਾਇਕ ਦਲ ਦੀ ਬੈਠਕ ਪੰਚਕੂਲਾ ਸਥਿਤ ਭਾਜਪਾ ਦਫਤਰ 'ਚ ਹੋ ਰਹੀ ਹੈ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਵੀ ਹਾਜ਼ਰ ਸਨ। ਮੀਟਿੰਗ ਵਿੱਚ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੇ ਨਾਲ-ਨਾਲ ਲੋਕ ਸਭਾ ਚੋਣਾਂ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ।