ਦੁੱਧ ''ਚ ਮਿਲਾਵਟ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼, 488 ਲੀਟਰ ਦੁੱਧ ਜ਼ਬਤ
Friday, Aug 29, 2025 - 10:36 AM (IST)

ਨੈਸ਼ਨਲ ਡੈਸਕ : ਦੇਸ਼ 'ਚ ਮਿਲਾਵਟੀ ਚੀਜ਼ਾਂ ਤਿਆਰ ਕਰਨ ਅਤੇ ਇਨ੍ਹਾਂ ਦੀ ਸਪਲਾਈ ਧੜੱਲੇ ਨਾਲ ਜਾਰੀ ਹੈ। ਇਕ ਹੋਰ ਹੈਰਾਨ ਕਾਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿਥੇ ਵਧੀਆਂ ਬ੍ਰਾਂਡਾਂ ਦਾ ਨਾਮ ਦੇ ਕੇ ਨਕਲੀ ਦੁੱਧ ਲੋਕਾਂ ਪਹੁੰਚਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁੰਬਈ ਦੀ ਦਹਿਸਰ ਕ੍ਰਾਈਮ ਬ੍ਰਾਂਚ ਯੂਨਿਟ 12 ਨੇ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (FDA) ਦੇ ਸਹਿਯੋਗ ਨਾਲ, ਦਹਿਸਰ ਪੂਰਬ 'ਚ ਵੱਡੇ ਦੁੱਧ 'ਚ ਮਿਲਾਵਟ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਤੇ ਅਮੂਲ ਗੋਲਡ, ਅਮੂਲ ਤਾਜ਼ਾ, ਗੋਕੁਲ ਅਤੇ ਨੰਦਿਨੀ ਸਮੇਤ ਕਈ ਬ੍ਰਾਂਡਾਂ ਦੇ 488 ਲੀਟਰ ਮਿਲਾਵਟੀ ਦੁੱਧ ਨੂੰ ਜ਼ਬਤ ਕੀਤਾ।
ਜ਼ਿਕਰਯੋਗ ਹੈ ਕਿ ਇਹ ਛਾਪਾ 19 ਅਗਸਤ, 2025 ਨੂੰ ਸਵੇਰੇ 4 ਵਜੇ ਦੇ ਕਰੀਬ ਦਹਿਸਰ ਪੂਰਬ ਦੇ ਘਰਟਨਪਾੜਾ ਵਿਖੇ ਮਾਰਿਆ ਗਿਆ ਸੀ, ਜਿੱਥੇ ਮੁਲਜ਼ਮ ਸੈਦੁਲ ਨਰਸਿਮਹਾ ਕਾਵੇਰੀ (38) ਨੂੰ ਬ੍ਰਾਂਡ ਵਾਲੇ ਦੁੱਧ ਦੇ ਪਾਊਚਾਂ 'ਚ ਗੈਰ-ਸਿਹਤਮੰਦ ਪਾਣੀ ਮਿਲਾਉਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਸੀ । ਪੁਲਸ ਦੇ ਅਨੁਸਾਰ ਅਸਲੀ ਪੈਕੇਟ ਕੱਟ ਕੇ ਅਸੁਰੱਖਿਅਤ ਪਾਣੀ ਦੀ ਵਰਤੋਂ ਕਰਕੇ ਵੱਡੇ ਭਾਂਡਿਆਂ ਵਿੱਚ ਦੁੱਧ ਨੂੰ ਪਤਲਾ ਕੀਤਾ ਜਾਂਦਾ ਸੀ ਅਤੇ ਫਿਰ ਇਸਨੂੰ ਨਾਮਵਰ ਬ੍ਰਾਂਡਾਂ ਦੇ ਡੁਪਲੀਕੇਟ ਖਾਲੀ ਪਾਊਚਾਂ ਭਰ ਦਿੱਤਾ ਜਾਂਦਾ ਸੀ। ਇਸ ਦੌਰਾਨ ਪੁਲਸ ਨੇ 29,917 ਰੁਪਏ ਦਾ 488 ਲੀਟਰ ਮਿਲਾਵਟੀ ਦੁੱਧ, 1,350 ਨਕਲੀ ਖਾਲੀ ਪਲਾਸਟਿਕ ਦੁੱਧ ਦੇ ਪਾਊਚ, ਮਿਲਾਵਟ ਲਈ ਵਰਤੇ ਜਾਣ ਵਾਲੇ ਉਪਕਰਣ ਅਤੇ ਸਮੱਗਰੀ ਅਤੇ 10,000 ਰੁਪਏ ਦਾ ਇੱਕ ਮੋਬਾਈਲ ਫੋਨ ਜ਼ਬਤ ਕੀਤਾ ਹੈ। ਪੁਲਸ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।