ਰਾਹੁਲ ਤੋਂ ਬਾਅਦ ਮੁੰਬਈ ਕਾਂਗਰਸ ਪ੍ਰਧਾਨ ਮਿਲਿੰਦ ਦੇਵੜਾ ਨੇ ਦਿੱਤਾ ਅਸਤੀਫਾ

07/07/2019 4:22:58 PM

ਮੁੰਬਈ— ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਮਿਲਣ ਤੋਂ ਬਾਅਦ ਕਾਂਗਰਸ ਵਿਚ ਅਸਤੀਫਿਆਂ ਦੀ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਮੁੰਬਈ ਕਾਂਗਰਸ ਪ੍ਰਧਾਨ ਮਿਲਿੰਦ ਦੇਵੜਾ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਦਿੱਲੀ ਆ ਰਹੇ ਹਨ ਅਤੇ ਕੋਈ ਵੱਡੀ ਜ਼ਿੰਮੇਵਾਰੀ ਸੰਭਾਲਣਗੇ। 26 ਜੂਨ ਨੂੰ ਦਿੱਲੀ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਮਿਲਿੰਦ ਦੇਵੜਾ ਨੇ ਅਹੁਦਾ ਛੱਡਣ ਦੀ ਅਪੀਲ ਕੀਤੀ ਸੀ। ਮਿਲਿੰਦ ਦੇ ਦਫਤਰ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਕਿ ਇਹ ਗੱਲ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਮਲਿਕਾਅਰਜੁਨ ਖੜਗੇ ਅਤੇ ਕੇ. ਸੀ. ਵੇਣੁਗੋਪਾਲ ਨੂੰ ਵੀ ਦੱਸ ਦਿੱਤੀ ਗਈ ਸੀ। ਮਿਲਿੰਦ ਦਾ ਇਹ ਕਦਮ ਰਾਹੁਲ ਗਾਂਧੀ ਦੇ ਪ੍ਰਧਾਨ ਅਹੁਦਾ ਛੱਡਣ ਤੋਂ ਬਾਅਦ ਪਾਰਟੀ ਵਿਚ ਇਕਜੁਟਤਾ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਮਿਲਿੰਦ ਨੂੰ ਮੁੰਬਈ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਸੀ। ਚੋਣਾਂ ਤੋਂ ਸਿਰਫ ਇਕ ਮਹੀਨਾ ਪਹਿਲਾਂ ਹੀ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਨੂੰ ਕਾਫੀ ਘੱਟ ਸਮਾਂ ਮੰਨਿਆ ਜਾ ਰਿਹਾ ਸੀ। ਆਪਣੇ ਛੋਟੇ ਜਿਹੇ ਕਾਰਜਕਾਲ ਵਿਚ ਮਿਲਿੰਦ ਨੇ ਪਾਰਟੀ ਨੇਤਾਵਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ। ਮਿਲਿੰਦ ਦੇ ਦਫਤਰ ਤੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਉਨ੍ਹਾਂ ਦੀ ਕਮਾਨ 'ਚ ਕਾਂਗਰਸ ਨੇ ਮੁੰਬਈ 'ਚ ਭਾਜਪਾ-ਸ਼ਿਵ ਸੈਨਾ ਗਠਜੋੜ ਨੂੰ ਚੰਗੀ ਟੱਕਰ ਦਿੱਤੀ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਰਾਹੁਲ ਨੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।  


Tanu

Content Editor

Related News