ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਤੱਕ ਲਗਾਤਾਰ ਲੂ ਚੱਲਣ ਦਾ ਖਦਸ਼ਾ ਜ਼ਾਹਰ ਕੀਤਾ

05/27/2020 4:09:30 PM

ਨਵੀਂ ਦਿੱਲੀ- ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਬੁੱਧਵਾਰ ਨੂੰ ਅਗਲੇ 24 ਘੰਟਿਆਂ ਤੱਕ ਉੱਤਰ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ 'ਚ ਲੂ ਚੱਲਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਉੱਤਰ ਅਤੇ ਮੱਧ ਭਾਰਤ 'ਚ ਪਿਛਲੇ ਕਈ ਦਿਨਾਂ ਤੋਂ ਲੂ ਜਾਰੀ ਹੈ ਅਤੇ ਨਾਲ ਹੀ ਕਈ ਥਾਂਵਾਂ 'ਤੇ ਤਾਪਮਾਨ 47 ਡਿਗਰੀ ਸੈਲਸੀਅਸ ਤੋਂ ਵਧ ਰਿਹਾ ਹੈ। ਆਈ.ਐੱਮ.ਡੀ. ਨੇ ਕਿਹਾ,''ਉੱਤਰ-ਪੱਛਮੀ ਭਾਰਤ, ਮੱਧ ਭਾਰਤ ਅਤੇ ਪੂਰਬੀ ਭਾਰਤ ਦੇ ਨਜ਼ਦੀਕੀ ਅੰਦਰੂਨੀ ਹਿੱਸਿਆਂ ਅਤੇ ਮੈਦਾਨੀ ਹਿੱਸਿਆਂ 'ਚ ਜਾਰੀ ਖੁਸ਼ਕ ਉੱਤਰ-ਪੱਛਮੀ ਹਵਾਵਾਂ ਕਾਰਨ, ਹਾਲੇ ਚੱਲ ਰਹੀ ਲੂ ਦੇ ਅਗਲੇ 24 ਘੰਟੇ ਤੱਕ ਜਾਰੀ ਰਹਿਣ ਦਾ ਖਦਸ਼ਾ ਹੈ।''

ਉਸ ਨੇ ਕਿਹਾ ਕਿ ਪੱਛਮੀ ਰਾਜਸਥਾਨ 'ਚ ਵੱਖ-ਵੱਖ ਥਾਂ 'ਤੇ ਭਿਆਨਕ ਲੂ ਚੱਲਣ ਦਾ ਖਦਸ਼ਾ ਹੈ। ਉਸ ਨੇ ਕਿਹਾ ਕਿ ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ ਅਤੇ ਪੰਜਾਬ, ਬਿਹਾਰ, ਝਾਰਖੰਡ, ਓਡੀਸ਼ਾ, ਸੌਰਾਸ਼ਟਰ ਅਤੇ ਕੱਛ, ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ, ਤੇਲੰਗਾਨਾ ਦੇ ਸੁਦੂਰ ਇਲਾਕਿਆਂ ਅਤੇ ਕਰਨਾਟਕ ਦੇ ਉੱਤਰੀ ਅੰਦਰੂਨੀ ਇਲਾਕਿਆਂ 'ਚ ਅਗਲੇ 24 ਘੰਟੇ ਤੱਕ ਲੂ ਲੱਗਣ ਦਾ ਖਦਸ਼ਾ ਹੈ। ਨਾਲ ਹੀ ਆਈ.ਐੱਮ.ਡੀ. ਨੇ ਕਿਹਾ ਕਿ ਪੱਛਮੀ ਗੜਬੜੀ ਨਾਲ 29 ਅਤੇ 30 ਮਈ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ। ਇਸ ਦੌਰਾਨ, ਉੱਤਰ ਭਾਰਤ ਦੇ ਕੁਝ ਹਿੱਸਿਆਂ 'ਚ ਧੂੜ ਭਰੀ ਹਨ੍ਹੇਰੀ ਅਤੇ ਨਾਲ ਹੀ ਕਣੀਆਂ ਪੈਣ ਦੀ ਸੰਭਾਵਨਾ ਵੀ ਹੈ।


DIsha

Content Editor

Related News