ਮੌਸਮ ਵਿਭਾਗ ਦੀ ਚਿਤਾਵਨੀ- 2 ਘੰਟਿਆਂ ਅੰਦਰ ਹਰਿਆਣਾ-ਦਿੱਲੀ ''ਚ ਤੇਜ਼ ਬਾਰਸ਼ ਅਤੇ ਆਏਗੀ ਹਨ੍ਹੇਰੀ

Saturday, Jun 27, 2020 - 04:48 PM (IST)

ਨਵੀਂ ਦਿੱਲੀ- ਮਾਨਸੂਨ ਦੀ ਦਸਤਕ ਦੇ ਨਾਲ ਹੀ ਦਿੱਲੀ-ਐੱਨ.ਸੀ.ਆਰ. ਅਤੇ ਹਰਿਆਣਾ 'ਚ ਵੀ ਹਨ੍ਹੇਰੀ-ਤੂਫਾਨ ਦਾ ਦੌਰ ਜਾਰੀ ਹੈ। ਹੁਣ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਆਉਣ ਵਾਲੇ 2 ਘੰਟਿਆਂ ਅੰਦਰ ਹਰਿਆਣਾ ਅਤੇ ਦਿੱਲੀ ਦੇ ਕੁਝ ਹਿੱਸਿਆਂ 'ਚ ਤੇਜ਼ ਬਾਰਸ਼ ਅਤੇ ਹਨ੍ਹੇਰੀ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਚਰਖੀ ਦਾਦਰੀ, ਝੱਜਰ, ਕੋਸਲੀ, ਫਾਰੂਖਨਗਰ, ਗੁਰੂਗ੍ਰਾਮ, ਮਾਨੇਸਰ, ਦੱਖਣ-ਪੱਛਮੀ ਅਤੇ ਉੱਤਰ ਪੱਛਮੀ ਦਿੱਲੀ 'ਚ ਹਨ੍ਹੇਰੀ ਦੇ ਨਾਲ ਹੀ ਭਾਰੀ ਬਾਰਸ਼ ਹੋ ਸਕਦੀ ਹੈ।

PunjabKesariਮੌਸਮ ਵਿਭਾਗ ਅਨੁਸਾਰ ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੌਸਮ ਬਦਲਣ ਦੇ ਨਾਲ ਹੀ ਹਵਾ ਦੀ ਗਤੀ 20 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਹਿ ਸਕਦੀ ਹੈ। ਹਾਲਾਂਕਿ ਮੌਸਮ 'ਚ ਇਸ ਤਬਦੀਲੀ ਨਾਲ ਤਾਪਮਾਨ 'ਚ ਕਮੀ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੇਗੀ।

ਇਸ ਤੋਂ ਪਹਿਲਾਂ ਮੌਸਮ ਵਿਭਾਗ ਦੇ ਖੇਤਰੀ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਸੀ ਕਿ ਦਿੱਲੀ ਤੋਂ ਇਲਾਵਾ ਪੂਰੇ ਯੂ.ਪੀ., ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਅਤੇ ਹਰਿਆਣਾ ਦੇ ਕੁਝ ਹਿੱਸੇ 'ਚ ਦੱਖਣ-ਪੱਛਮ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਜਿਸ ਤੋਂ ਬਾਅਦ ਬਾਰਸ਼ ਹੋਣ ਦਾ ਮੁੜ ਅਨੁਮਾਨ ਜਤਾਇਆ ਗਿਆ ਹੈ। ਉੱਥੇ ਹੀ ਸ਼ੁੱਕਰਵਾਰ ਨੂੰ ਹੀ ਬੱਦਲਾਂ ਨੇ ਦਿੱਲੀ 'ਚ ਪ੍ਰਵੇਸ਼ ਕਰ ਲਿਆ ਸੀ। ਇਸ ਕਾਰਨ ਦਿੱਲੀ 'ਚ ਕਈ ਥਾਂਵਾਂ 'ਤੇ ਬਾਰਸ਼ ਵੀ ਹੋਈ ਸੀ। ਮੌਸਮ ਵਿਭਾਗ ਅਨੁਸਾਰ ਦਿੱਲੀ 'ਚ ਮਾਨਸੂਨ 27 ਜੂਨ ਤੱਕ ਪਹੁੰਚਦਾ ਹੈ ਪਰ ਇਸ ਵਾਰ ਇਹ ਪਹਿਲਾਂ ਹੀ ਇੱਥੇ ਆ ਚੁਕਿਆ ਹੈ। 


DIsha

Content Editor

Related News