ਔਰਤਾਂ ਦੀ ਸਕੀਮ ਦਾ ਫ਼ਾਇਦਾ ਲੈ ਰਹੇ 14 ਹਜ਼ਾਰ ''ਬੰਦੇ'' ! ਸੂਬਾ ਸਰਕਾਰ ਨੂੰ ਲਾ ਗਏ ਕਰੋੜਾਂ ਦਾ ਚੂਨਾ
Sunday, Jul 27, 2025 - 12:27 PM (IST)

ਨੈਸ਼ਨਲ ਡੈਸਕ- ਮਹਾਰਾਸ਼ਟਰ ਸਰਕਾਰ ਨੇ ਕਰੀਬ ਇਕ ਸਾਲ ਪਹਿਲਾਂ 'ਲਾਡਲੀ ਬਹਿਨ ਯੋਜਨਾ' ਸ਼ੁਰੂ ਕੀਤੀ ਸੀ, ਜਿਸ ਮੁਤਾਬਕ ਔਰਤਾਂ ਨੂੰ ਹਰ ਮਹੀਨੇ 1,500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਇਸ ਯੋਜਨਾ ਨਾਲ ਲੱਖਾਂ ਔਰਤਾਂ ਨੂੰ ਲਾਭ ਹੋਇਆ, ਪਰ ਕੁਝ ਸਰਕਾਰੀ ਕਰਮਚਾਰੀਆਂ ਤੇ ਅਯੋਗ ਔਰਤਾਂ ਨੇ ਵੀ ਇਸ ਸਕੀਮ ਦਾ ਨਾਜਾਇਜ਼ ਫ਼ਾਇਦਾ ਉਠਾਇਆ।
ਇਸੇ ਸਕੀਮ ਬਾਰੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲੋੜਵੰਦ ਔਰਤਾਂ ਲਈ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ ਹਜ਼ਾਰਾਂ ਪੁਰਸ਼ ਵੀ ਇਸ ਸਕੀਮ ਦਾ ਨਾਜਾਇਜ਼ ਫ਼ਾਇਦਾ ਉਠਾ ਰਹੇ ਸਨ, ਜੋ ਕਿ ਇਸ ਸਕੀਮ ਨਾਲ ਸਬੰਧਤ ਸਭ ਤੋਂ ਵੱਡਾ ਘਪਲਾ ਬਣ ਕੇ ਸਾਹਮਣੇ ਆਇਆ ਹੈ।
ਇਹ ਸਕੀਮ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸਰਕਾਰ ਨੇ 2024 'ਚ ਸ਼ੁਰੂ ਕੀਤੀ ਸੀ, ਜਿਸ ਦਾ ਉਦੇਸ਼ ਲੋੜਵੰਦ ਔਰਤਾਂ ਨੂੰ ਆਰਥਿਕ ਪੱਖੋਂ ਸਹਾਇਤਾ ਦੇਣਾ ਹੈ। ਸਕੀਮ ਤਹਿਤ ਸਰਕਾਰ ਹਰ ਸਾਲ ਕਰੀਬ 42 ਹਜ਼ਾਰ ਕਰੋੜ ਰੁਪਏ ਖ਼ਰਚ ਕਰਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; BLA ਨੇ ਫ਼ੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ! 23 ਜਵਾਨਾਂ ਨੂੰ ਉਤਾਰਿਆ ਮੌਤ ਦੇ ਘਾਟ
ਸਕੀਮ 'ਚ ਹੋਏ ਘਪਲੇ ਦੀ ਮਿਲੀ ਜਾਣਕਾਰੀ ਅਨੁਸਾਰ ਇਹ ਸਕੀਮ ਜਿੱਥੇ ਔਰਤਾਂ ਲਈ ਸ਼ੁਰੂ ਕੀਤੀ ਗਈ ਸੀ, ਉੱਥੇ ਹੀ 14,298 ਪੁਰਸ਼ਾਂ ਨੇ ਵੀ ਫ਼ਾਇਦਾ ਉਠਾਇਆ ਤੇ ਸਰਕਾਰ ਵੱਲੋਂ 21.44 ਕਰੋੜ ਇਨ੍ਹਾਂ ਦੇ ਖ਼ਾਤਿਆਂ 'ਚ ਪਾਏ ਗਏ। ਇਹ ਅੰਕੜੇ ਦੇਖ ਅਧਿਕਾਰੀਆਂ ਦੇ ਹੋਸ਼ ਉਡ ਗਏ। ਇਹੀ ਨਹੀਂ, ਜਾਂਚ ਦੌਰਾਨ ਢਾਈ ਲੱਖ ਦੇ ਕਰੀਬ ਹੋਰ ਲਾਭਪਾਤਰੀਆਂ ਦੇ ਨਾਂ ਵੀ ਸ਼ੱਕੀ ਪਾਏ ਗਏ ਹਨ।
ਹਾਲਾਂਕਿ ਮਾਮਲਾ ਸਾਹਮਣੇ ਆਉਣ ਮਗਰੋਂ ਅਧਿਕਾਰੀਆਂ ਨੇ ਇਸ ਸਕੀਮ ਦਾ ਫ਼ਾਇਦਾ ਉਠਾਉਣ ਵਾਲੇ ਇਨ੍ਹਾਂ ਪੁਰਸ਼ਾਂ ਨੂੰ ਮਿਲਣ ਵਾਲੇ 1,500 ਰੁਪਏ ਦੀ ਰਾਸ਼ੀ ਬੰਦ ਕਰ ਦਿੱਤੀ ਹੈ। ਹੁਣ ਜਾਂਚ ਇਸ ਗੱਲ ਦੀ ਕੀਤੀ ਜਾ ਰਹੀ ਹੈ ਕਿ ਇਹ ਸਕੀਮ ਸਿਰਫ਼ ਔਰਤਾਂ ਲਈ ਹੈ ਤਾਂ ਹਜ਼ਾਰਾਂ ਪੁਰਸ਼ ਇਸ ਸਕੀਮ ਤਹਿਤ ਕਰੋੜਾਂ ਰੁਪਏ ਕਿਵੇਂ ਲੈ ਗਏ ?
ਇਸ ਤੋਂ ਇਲਾਵਾ ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ 65 ਸਾਲ ਤੋਂ ਵੱਧ ਉਮਰ ਦੀਆਂ ਬਜ਼ੁਰਗ ਔਰਤਾਂ ਵੀ ਇਸ ਸਕੀਮ ਦਾ ਲਾਭ ਲੈ ਰਹੀਆਂ ਸਨ, ਜਦਕਿ ਇਸ ਉਮਰ ਦੀਆਂ ਔਰਤਾਂ ਨੂੰ ਬੁਢਾਪਾ ਪੈਨਸ਼ਨ ਮਿਲਦੀ ਹੈ, ਇਸ ਲਈ ਉਹ ਇਸ ਸਕੀਮ ਲਈ ਅਯੋਗ ਹੋ ਜਾਂਦੀਆਂ ਹਨ। ਇਕ ਪਰਿਵਾਰ ਦੀਆਂ 2 ਤੋਂ ਵੱਧ ਔਰਤਾਂ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੀਆਂ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਰੀਬ 8 ਲੱਖ ਪਰਿਵਾਰਾਂ ਦੀਆਂ 2 ਤੋਂ ਵੱਧ ਔਰਤਾਂ ਨੂੰ ਹਰ ਮਹੀਨੇ ਇਸ ਸਕੀਮ ਤਹਿਤ ਰਾਸ਼ੀ ਮਿਲ ਰਹੀ ਸੀ। ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e