18 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਸਬੰਧੀ ਫੈਸਲਾ ਵੱਡੀ ਬੈਂਚ ਹਵਾਲੇ
Friday, Jun 15, 2018 - 10:57 AM (IST)

ਚੇਨਈ— ਮਦਰਾਸ ਹਾਈ ਕੋਰਟ ਨੇ ਵੀਰਵਾਰ ਨੂੰ 18 ਵਿਧਾਇਕਾਂ ਦੀ ਮੈਂਬਰੀ ਰੱਦ ਕੀਤੇ ਜਾਣ ਦੇ ਮਾਮਲੇ 'ਚ ਲੰਬੀ 5 ਮਹੀਨਿਆਂ ਦੀ ਉਡੀਕ ਮਗਰੋਂ ਫੈਸਲਾ ਸੁਣਾ ਦਿੱਤਾ ਹੈ।
ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਹਾਈ ਕੋਰਟ ਦੇ 2 ਜੱਜਾਂ ਦੇ ਬੈਂਚ ਨੇ ਵੱਖ-ਵੱਖ ਫੈਸਲਾ ਸੁਣਾਇਆ ਹੈ। ਹਾਈ ਕੋਰਟ ਦੇ ਚੀਫ ਜਸਟਿਸ ਨੇ ਜਿੱਥੇ ਸਪੀਕਰ ਵਲੋਂ ਵਿਧਾਇਕਾਂ ਦੀ ਮੈਂਬਰੀ ਰੱਦ ਕਰਨ ਦੇ ਫੈਸਲੇ ਨੂੰ ਬਹਾਲ ਰੱਖਿਆ, ਉਥੇ ਦੂਸਰੇ ਜਸਟਿਸ ਸੁੰਦਰ ਨੇ ਵਿਧਾਇਕਾਂ ਦੀ ਮੈਂਬਰੀ ਰੱਦ ਕਰਨ ਵਿਰੁੱਧ ਫੈਸਲਾ ਸੁਣਾਇਆ। ਇਸ ਫੈਸਲੇ ਨਾਲ ਪਲਾਨੀਸਾਮੀ ਸਰਕਾਰ ਨੂੰ ਰਾਹਤ ਮਿਲ ਗਈ ਹੈ। ਫੈਸਲਾ 2 ਤਰ੍ਹਾਂ ਦਾ ਰਹਿਣ ਮਗਰੋਂ ਹੁਣ ਇਸ ਸਬੰਧੀ ਫੈਸਲਾ 3 ਜੱਜਾਂ ਦੀ ਵੱਡੀ ਬੈਂਚ ਕਰੇਗੀ। ਇਸ ਨਾਲ ਸੂਬਾ ਸਰਕਾਰ ਦੇ ਡਿੱਗਣ ਦਾ ਖਤਰਾ ਫਿਲਹਾਲ ਟਲ ਗਿਆ ਹੈ। ਵਰਨਣਯੋਗ ਹੈ ਕਿ ਬੈਂਚ ਆਪਣਾ ਫੈਸਲਾ ਪਹਿਲਾਂ ਹੀ ਰਾਖਵਾਂ ਕਰ ਚੁੱਕੀ ਸੀ।
ਦੱਸਿਆ ਜਾ ਰਿਹਾ ਹੈ ਕਿ ਫੈਸਲਾ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਪਲਾਨੀਸਾਮੀ ਆਪਣੇ ਸੀਨੀਅਰ ਮੰਤਰੀਆਂ ਨਾਲ ਬੈਠਕ ਕਰਦੇ ਰਹੇ। ਉਹ ਫੈਸਲਾ ਆਉਣ ਦੀ ਹਾਲਤ 'ਚ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਕਰ ਰਹੇ ਸਨ। ਦਰਅਸਲ ਜੇਕਰ ਅਦਾਲਤ ਨੇ ਵਿਧਾਇਕਾਂ ਦੀ ਮੈਂਬਰੀ ਰੱਦ ਕਰਨ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ ਹੁੰਦਾ ਤਾਂ ਸਰਕਾਰ ਨੂੰ ਫਲੋਰ ਟੈਸਟ 'ਚੋਂ ਲੰਘਣਾ ਪੈਂਦਾ। ਜਿਸ ਵਿਚ ਉਸ ਦੇ ਡਿੱਗਣ ਦੀ ਸੰਭਾਵਨਾ ਨਜ਼ਰ ਆ ਰਹੀ ਸੀ।