PNB ਘੁਟਾਲੇ ਦੇ ਮਾਸਟਰਮਾਈਂਡ ਦੀ ਡੋਮਿਨਿਕਾ ਤੋਂ ਹੋ ਸਕਦੀ ਹੈ ਭਾਰਤ ਵਾਪਸੀ

Sunday, May 30, 2021 - 11:47 AM (IST)

PNB ਘੁਟਾਲੇ ਦੇ ਮਾਸਟਰਮਾਈਂਡ ਦੀ ਡੋਮਿਨਿਕਾ ਤੋਂ ਹੋ ਸਕਦੀ ਹੈ ਭਾਰਤ ਵਾਪਸੀ

ਨਵੀਂ ਦਿੱਲੀ-ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਘੁਟਾਲੇ ਦੇ ਮਾਸਟਰਮਾਈਂਡ ਮੇਹੁਲ ਚੋਕਸੀ ਨੂੰ ਦੇਸ਼ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਬੁੱਧਵਾਰ ਨੂੰ ਡੋਮਿਨਿਕਾ ਦੀ ਅਦਾਲਤ ਵਿਚ ਚੋਕਸੀ ਦੇ ਡਿਪੋਰਸ਼ਨ ਨੂੰ ਲੈ ਕੇ ਸੁਣਵਾਈ ਹੋਣੀ ਹੈ। ਇਸ ਵਿਚਕਾਰ ਇਕ ਨਿੱਜੀ ਜੈੱਟ ਭਾਰਤ ਤੋਂ ਡੋਮਿਨਿਕਾ ਪਹੁੰਚ ਗਿਆ ਦੱਸਿਆ ਜਾ ਰਿਹਾ ਹੈ, ਜਿਸ ਵਿਚ ਚੋਕਸੀ ਨੂੰ ਲਿਆਂਦਾ ਜਾ ਸਕਦਾ ਹੈ। ਇਸ ਜੈੱਟ ਨੂੰ ਲੈ ਕੇ ਮੀਡੀਆ ਵਿਚ ਆਈਆਂ ਖ਼ਬਰਾਂ ਮਗਰੋਂ ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਊਨ ਨੇ ਇਕ ਲੋਕਲ ਰੇਡੀਓ ਸਟੇਸ਼ਨ 'ਤੇ ਗੱਲਬਾਤ ਵਿਚ ਪੁਸ਼ਟੀ ਕੀਤੀ ਹੈ ਕਿ ਡੋਮਿਨਿਕਾ ਦੇ ਡਗਲਸ-ਚਾਰਲਸ ਏਅਰਪੋਰਟ 'ਤੇ ਜੋ ਇਸ ਵੇਲੇ ਇਕ ਨਿੱਜੀ ਜੈੱਟ ਖੜ੍ਹਾ ਹੈ ਉਹ ਭਾਰਤ ਦਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਚੋਕਸੀ ਨੂੰ ਡਿਪੋਰਟ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਪਿਛਲੇ ਬੁੱਧਵਾਰ ਨੂੰ ਮੇਹੁਲ ਚੋਕਸੀ ਕਿਊਬਾ ਭੱਜਦੇ ਸਮੇਂ ਰਸਤੇ ਵਿਚ ਡੋਮਿਨਿਕਾ ਵਿਚ ਫੜ੍ਹਿਆ ਗਿਆ ਸੀ। ਉਸ ਕੋਲ ਐਂਟੀਗੁਆ ਦੀ ਨਾਗਰਿਕਤਾ ਹੈ ਪਰ ਉਸ ਦੀਆਂ ਕਰਤੂਤਾਂ ਤੋਂ ਪ੍ਰੇਸ਼ਾਨ ਐਂਟੀਗੁਆ ਸਰਕਾਰ ਨੇ ਡੋਮਿਨਿਕਾ ਨੂੰ ਇਸ ਨੂੰ ਸਿੱਧਾ ਭਾਰਤ ਦੇ ਹਵਾਲੇ ਕਰਨ ਦੀ ਬੇਨਤੀ ਕੀਤੀ ਹੈ।

 

ਗੈਸਟਨ ਬ੍ਰਾਊਨ ਨੇ ਕਿਹਾ, ''ਇਸ ਮਾਮਲੇ ਨੂੰ ਲੈ ਕੇ ਅਸੀਂ ਅਦਾਲਤ ਦੇ ਅਧਿਕਾਰ ਖੇਤਰ ਦਾ ਸਤਿਕਾਰ ਕਰਦੇ ਹਾਂ। ਸਟੇਟ ਤਰਫੋਂ ਮੇਰੀ ਬੇਨਤੀ ਹੈ ਕਿ ਡੋਮਿਨਿਕਾ ਚੋਕਸੀ ਨੂੰ ਸਿੱਧੇ ਭਾਰਤ ਭੇਜਣ ਬਾਰੇ ਵਿਚਾਰ ਕਰੇ।" ਉਨ੍ਹਾਂ ਕਿਹਾ ਕਿ ਜੇਕਰ ਚੋਕਸੀ ਨੂੰ ਐਂਟੀਗੁਆ ਭੇਜ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਇੱਥੇ ਨਾਗਰਿਕਤਾ ਕਾਨੂੰਨ ਤੇ ਸੰਵਿਧਾਨਕ ਪਨਾਹ ਮਿਲ ਜਾਵੇਗੀ। ਇਸ ਲਈ ਡੋਮਿਨਿਕਾ ਉਸ ਨੂੰ ਸਿੱਧੇ ਭਾਰਤ ਭੇਜੇ।

ਇਸ ਸਮੇਂ ਮੇਹੁਲ ਚੋਕਸੀ ਡੋਮਿਨਿਕਾ ਪੁਲਸ ਦੀ ਹਿਰਾਸਤ ਵਿਚ ਹੈ। ਬ੍ਰਾਊਨ ਨੇ ਕਿਹਾ ਕਿ ਭਾਰਤ ਸਰਕਾਰ ਨੇ ਜੋ ਅਦਾਲਤੀ ਦਸਤਾਵੇਜ਼ ਭੇਜੇ ਹਨ, ਉਹ ਸਾਬਤ ਕਰਦੇ ਹਨ ਕਿ ਮੇਹੁਲ ਚੋਕਸੀ ਭਗੌੜਾ ਹੈ ਅਤੇ ਇਨ੍ਹਾਂ ਨੂੰ ਬੁੱਧਵਾਰ ਅਦਾਲਤ ਵਿਚ ਦਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਚੋਕਸੀ ਨੂੰ ਵਾਪਸ ਲਿਜਾਣ ਲਈ ਜੋ ਵੀ ਕਰ ਸਕਦੀ ਹੈ ਕਰ ਰਹੀ ਹੈ। ਐਂਟੀਗੁਆ ਅਤੇ ਬਾਰਬੂਡਾ ਦੇ ਪ੍ਰਧਾਨ ਮੰਤਰੀ ਨੇ ਚੋਕਸੀ ਦੀ ਨਾਗਰਿਕਤਾ ਨੂੰ ਅਣਸੁਲਝਿਆ ਮਾਮਲਾ ਦੱਸਦੇ ਹੋਏ ਕਿਹਾ ਕਿ ਉਹ ਅਜੇ ਵੀ ਇਕ ਭਾਰਤੀ ਨਾਗਰਿਕ ਹੈ।


author

Sanjeev

Content Editor

Related News