ਰਾਸ਼ਟਰਪਤੀ ਚੋਣਾਂ: ਸੋਨੀਆ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਮੀਰਾ ਕੁਮਾਰ ਨੇ ਭਰਿਆ ਨਾਮਜ਼ਦਗੀ ਪੱਤਰ

06/28/2017 8:10:04 PM

ਨਵੀਂ ਦਿੱਲੀ— ਵਿਰੋਧੀ ਦਲਾਂ ਦੀ ਸੰਯੁਕਤ ਉਮੀਦਵਾਰ ਮੀਰਾ ਕੁਮਾਰ ਨੇ ਅੱਜ ਯਾਨੀ ਬੁੱਧਵਾਰ ਨੂੰ ਰਾਸ਼ਟਰਪਤੀ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਮੀਰਾ ਕੁਮਾਰ ਨਾਲ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਲਿਕਾਰਜੁਨ ਖੜਗੇ ਅਤੇ ਕਈ ਨੇਤਾ ਮੌਜੂਦ ਹਨ। ਉਨ੍ਹਾਂ ਤੋਂ ਇਲਾਵਾ ਸੀਤਾਰਾਮ ਯੇਚੁਰੀ, ਸ਼ਰਦ ਪਵਾਰ ਵਰਗੇ ਵਿਰੋਧੀ ਧਿਰ ਦੇ ਕਈ ਨੇਤਾ ਮੌਜੂਦ ਰਹੇ। ਨਾਮਜ਼ਦਗੀ ਤੋਂ ਪਹਿਲਾਂ ਮੀਰਾ ਕੁਮਾਰ ਸਵੇਰੇ ਰਾਜਘਾਟ ਪੁੱਜੀ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਉਨ੍ਹਾਂ ਦੀ ਲੋਕ ਸਭਾ ਸਪੀਕਰ ਦੇ ਰੂਪ 'ਚ ਕੰਮਕਾਜ ਦੀ ਸ਼ੈਲੀ 'ਤੇ ਚੁੱਕੇ ਗਏ ਸਵਾਲ ਬਾਰੇ ਪੁੱਛੇ ਜਾਣ 'ਤੇ ਮੀਰਾ ਨੇ ਕਿਹਾ ਕਿ ਜਦੋਂ ਮੈਂ ਲੋਕ ਸਭਾ ਸਪੀਕਰ ਸੀ ਤਾਂ ਸਾਰੇ ਸੰਸਦ ਮੈਂਬਰਾਂ ਨੇ ਮੇਰੇ ਕੰਮਕਾਜ ਦੀ ਸ਼ੈਲੀ ਦੀ ਸ਼ਲਾਘਾ ਕੀਤੀ ਸੀ। ਕਿਸੇ ਨੇ ਇਹ ਵੀ ਦੋਸ਼ ਨਹੀਂ ਲਾਇਆ ਸੀ ਕਿ ਮੈਂ ਪੱਖਪਾਤਪੂਰਨ ਢੰਗ ਨਾਲ ਕੰਮ ਕਰਦੀ ਹਾਂ। ਸੁਸ਼ਮਾ ਨੇ ਇਕ ਟਵੀਟ ਕਰ ਕੇ ਉਹ ਵੀਡੀਓ ਜਾਰੀ ਕੀਤਾ ਸੀ, ਜਿਸ 'ਚ ਲੋਕ ਸਭਾ 'ਚ ਉਨ੍ਹਾਂ ਦੇ ਇਕ ਭਾਸ਼ਣ ਦੌਰਾਨ ਲੋਕ ਸਭਾ ਸਪੀਕਰ ਦੇ ਰੂਪ 'ਚ ਮੀਰਾ ਕੁਮਾਰ ਨੇ ਵਿਚ ਕਾਫੀ ਟੋਕਾਟਕੀ ਕੀਤੀ ਸੀ। ਮੀਰਾ ਨੇ ਕਿਹਾ ਕਿ ਉਹ ਲੋਕਤੰਤਰੀ ਮੁੱਲਾਂ, ਗਰੀਬੀ ਖਾਤਮਾ ਅਤੇ ਜਾਤੀ ਵਿਵਸਥਾ ਦਾ ਵਿਨਾਸ਼ ਵਰਗੇ ਮੁੱਲਾਂ ਦੇ ਆਧਾਰ 'ਤੇ ਚੋਣਾਂ ਲੜੇਗੀ। ਉਨ੍ਹਾਂ ਨੇ ਕਿਹਾ ਕਿ ਇਹ ਵਿਚਾਰ ਮੇਰੇ ਦਿਲ ਦੇ ਬਹੁਤ ਨੇੜੇ ਹੈ। ਵਿਰੋਧੀ ਦਲਾਂ ਨੇ ਇਸੇ ਵਿਚਾਰਧਾਰਾ ਦੇ ਆਧਾਰ 'ਤੇ ਉਨ੍ਹਾਂ ਨੂੰ ਸਾਰਿਆਂ ਦੀ ਸਹਿਮਤੀ ਨਾਲ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੀਰਾ ਕੁਮਾਰ ਦੀ ਬਜਾਏ ਰਾਜਗ ਦੇ ਰਾਸ਼ਟਰਪਤੀ ਉਮੀਦਵਾਰ ਰਾਮਨਾਥ ਕੋਵਿੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਕਾਂਗਰਸ ਨੇ ਬਿਹਾਰ ਦੀ ਬੇਟੀ ਨੂੰ ਰਾਸ਼ਟਰਪਤੀ ਚੋਣਾਂ 'ਚ ਹਾਰਨ ਲਈ ਜਾਣ ਬੁੱਝ ਕੇ ਉਤਾਰਿਆ ਹੈ।


Related News