ਸਰੀਰਕ ਵਾਧੇ ਵਾਲੀ ਦਵਾਈ ਦੀ ਤਸਕਰੀ ਕਰਨ ਨੂੰ ਲੈ ਕੇ ਰੂਸੀ ਔਰਤ ਗ੍ਰਿਫਤਾਰ
Friday, May 24, 2019 - 05:35 PM (IST)

ਨਵੀਂ ਦਿੱਲੀ— ਕਸਟਮ ਅਧਿਕਾਰੀਆਂ ਨੇ ਸਰੀਰਕ ਵਾਧੇ ਵਾਲੀ ਦਵਾਈ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਨੂੰ ਲੈ ਕੇ ਇਕ ਰੂਸੀ ਔਰਤ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ਕਸਟਮ ਵਿਭਾਗ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਦੋਸ਼ੀ ਨੂੰ ਵੀਰਵਾਰ ਨੂੰ ਹਾਂਗਕਾਂਗ ਤੋਂ ਆਉਣ ਤੋਂ ਬਾਅਦ ਰੋਕਿਆ ਗਿਆ ਸੀ। ਤਲਾਸ਼ੀ 'ਚ ਉਸ ਕੋਲੋਂ ਜਿਪਟ੍ਰੋਪੀਨ ਦਵਾਈ ਮਿਲੀ। ਇਸ ਦੀ ਕੀਮਤ 32.16 ਲੱਖ ਰੁਪਏ ਆਂਕੀ ਗਈ ਹੈ। ਰੂਸੀ ਔਰਤ ਦਾ ਪਤੀ ਭਾਰਤੀ ਹੈ।
ਇਹ ਦੋਵੇਂ ਪਤੀ-ਪਤਨੀ ਹਰਿਆਣਾ 'ਚ ਜਿਮ ਚਲਾਉਂਦੇ ਹਨ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਗ੍ਰਿਫਤਾਰੀ ਦੇ ਨਾਲ-ਨਾਲ ਉਸ ਦੇ ਪਤੀ ਨੂੰ ਵੀ ਹਵਾਈ ਅੱਡੇ ਦੇ ਬਾਹਰੋਂ ਗ੍ਰਿਫਤਾਰ ਕਰ ਲਿਆ ਗਿਆ, ਜੋ ਉੱਥੇ ਇੰਤਜ਼ਾਰ ਕਰ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਇਹ ਦਵਾਈ ਜੋੜੇ ਦੇ ਜਿਮ ਦੇ ਮੈਂਬਰਾਂ 'ਚ ਗੈਰ-ਕਾਨੂੰਨੀ ਵਿਕਰੀ ਕਰਨ ਲਈ ਤਸਕਰੀ ਕਰ ਕੇ ਭਾਰਤ ਲਿਆਂਦੀ ਗਈ ਸੀ।